ਜਗਤਾਰ ਸਿੰਘ ਲਾਂਬਾ
ਅੰਮ੍ਰਿਤਸਰ, 29 ਅਗਸਤ
ਕੇਂਦਰ ਅਤੇ ਸੂਬਾ ਸਰਕਾਰ ਤੋਂ ਨਿਰਾਸ਼ ਸਾਕਾ ਜੱਲ੍ਹਿਆਂਵਾਲਾ ਬਾਗ ਦੇ ਸ਼ਹੀਦਾਂ ਦੇ ਪਰਿਵਾਰਾਂ ਨੇ ਭਵਿੱਖ ਵਿੱਚ ਸਰਕਾਰੀ ਸਮਾਗਮਾਂ ਵਿੱਚ ਸ਼ਾਮਲ ਨਾ ਹੋਣ ਦਾ ਫ਼ੈਸਲਾ ਕੀਤਾ ਹੈ। ਇਹ ਪਰਿਵਾਰ ਤਾਮਰ ਪੱਤਰ ਅਤੇ ਸ਼ਹੀਦ ਪਰਿਵਾਰਾਂ ਵਾਲੀਆਂ ਸਹੂਲਤਾਂ ਦੀ ਮੰਗ ਕਰ ਰਹੇ ਹਨ।
ਜੱਲ੍ਹਿਆਂਵਾਲਾ ਬਾਗ ਫਰੀਡਮ ਫਾਈਟਰ ਫਾਊਂਡੇਸ਼ਨ ਦੇ ਮੁਖੀ ਸੁਨੀਲ ਕਪੂਰ ਨੇ ਆਖਿਆ ਕਿ ਜਦੋਂ ਤੱਕ ਕੇਂਦਰ ਅਤੇ ਸੂਬਾ ਸਰਕਾਰ ਵੱਲੋਂ ਜੱਲਿਆਂਵਾਲਾ ਬਾਗ ਦੇ ਸ਼ਹੀਦਾਂ ਦੇ ਪਰਿਵਾਰਾਂ ਨੂੰ ਮਾਨ-ਸਨਮਾਨ ਨਹੀਂ ਦਿੱਤਾ ਜਾਂਦਾ, ਉਦੋਂ ਤੱਕ ਉਹ ਸੂਬਾ ਅਤੇ ਕੇਂਦਰ ਸਰਕਾਰ ਦੇ ਕਿਸੇ ਵੀ ਸਮਾਗਮ ਵਿੱਚ ਸ਼ਾਮਲ ਨਹੀਂ ਹੋਣਗੇ। ਉਨ੍ਹਾਂ ਕਿਹਾ ਕਿ ਬੀਤੇ ਦਿਨ ਜਦੋਂ ਪ੍ਰਧਾਨ ਮੰਤਰੀ ਵੱਲੋਂ ਜੱਲ੍ਹਿਆਂਵਾਲਾ ਬਾਗ ਦੇ ਨਵੀਨੀਕਰਨ ਤੋਂ ਬਾਅਦ ਇਸ ਦਾ ਉਦਘਾਟਨ ਕੀਤਾ ਗਿਆ ਤਾਂ ਉਸ ਵੇਲੇ ਸ਼ਹੀਦ ਪਰਿਵਾਰਾਂ ਨੂੰ ਉਮੀਦ ਸੀ ਕਿ ਉਹ ਸ਼ਹੀਦਾਂ ਦੇ ਪਰਿਵਾਰਾਂ ਦੀਆਂ ਇਹ ਮੰਗਾਂ ਮੰਨਣ ਬਾਰੇ ਐਲਾਨ ਕਰਨਗੇ ਪਰ ਅਜਿਹਾ ਨਹੀਂ ਹੋਇਆ। ਇਸ ਕਾਰਨ ਉਥੇ ਪੁੱਜੇ ਸ਼ਹੀਦਾਂ ਦੇ ਪਰਿਵਾਰ ਨਿਰਾਸ਼ ਪਰਤੇ ਹਨ। ਵਾਪਸੀ ਵੇਲੇ ਪਰਿਵਾਰਾਂ ਦੇ ਮੈਂਬਰਾਂ ਲਈ ਰਾਤ ਦੇੇ ਖਾਣੇ ਦਾ ਵੀ ਪ੍ਰਬੰੰਧ ਨਹੀਂ ਕੀਤਾ ਗਿਆ ਸੀ, ਜਿਸ ਕਾਰਨ ਦੂਰ ਤੋਂ ਆਏ ਪਰਿਵਾਰਾਂ ਨੂੰ ਭੁੱਖੇ ਹੀ ਜਾਣਾ ਪਿਆ।
ਉਨ੍ਹਾਂ ਦੱਸਿਆ ਕਿ ਉਹ ਇਸ ਸਬੰਧੀ ਦੇਸ਼ ਦੇ ਪ੍ਰਧਾਨ ਮੰਤਰੀ, ਗ੍ਰਹਿ ਮੰਤਰੀ ਅਤੇ ਰਾਸ਼ਟਰਪਤੀ ਨੂੰ ਦੋ ਸਾਲ ਪਹਿਲਾਂ ਪੱਤਰ ਭੇਜ ਚੁੱਕੇ ਹਨ, ਜਿਸ ਵਿੱਚ ਸ਼ਹੀਦਾਂ ਦੇ ਪਰਿਵਾਰਾਂ ਨੂੰ ਤਾਮਰ ਪੱਤਰ, ਸਰਟੀਫਿਕੇਟ ਅਤੇ ਫਰੀਡਮ ਫਾਈਟਰ ਪਰਿਵਾਰਾਂ ਵਾਲੀਆਂ ਸਹੂਲਤਾਂ ਦੇਣ ਦੀ ਮੰਗ ਕੀਤੀ ਸੀ। ਰਾਸ਼ਟਰਪਤੀ ਨੇ ਇਹ ਪੱਤਰ ਅਗਲੀ ਕਾਰਵਾਈ ਲਈ ਕੇਂਦਰੀ ਗ੍ਰਹਿ ਮੰਤਰਾਲੇ ਨੂੰ ਭੇਜ ਦਿੱਤਾ ਸੀ, ਜਿਸ ਦਾ ਉਤਾਰਾ ਉਨ੍ਹਾਂ ਨੂੰ ਵੀ ਭੇਜਿਆ ਗਿਆ ਸੀ। ਇਸੇ ਤਰ੍ਹਾਂ ਪ੍ਰਧਾਨ ਮੰਤਰੀ ਦਫ਼ਤਰ ਵੱਲੋਂ ਅਗਲੀ ਕਾਰਵਾਈ ਲਈ ਇਹ ਪੱਤਰ ਪੰਜਾਬ ਸਰਕਾਰ ਨੂੰ ਭੇਜ ਦਿੱਤਾ ਗਿਆ ਸੀ ਪਰ ਅਫਸੋਸ ਹੈ ਕਿ ਇਸ ਪੱਤਰ ਬਾਰੇ ਪਿਛਲੇ ਦੋ ਸਾਲਾਂ ਵਿਚ ਕੋਈ ਵਿਚਾਰ ਨਹੀਂ ਕੀਤਾ ਗਿਆ।
ਸ਼ਹੀਦੀ ਸਮਾਰਕ ਵਿੱਚ ਕੀਤੇ ਗਏ ਨਵੀਨੀਕਰਨ ਤੇ ਸੁੰਦਰੀਕਰਨ ਬਾਰੇ ਸ਼ਹੀਦਾਂ ਦੇ ਪਰਿਵਾਰਾਂ ਨੇ ਤਸੱਲੀ ਪ੍ਰਗਟਾਈ ਹੈ। ਬੀਤੇ ਦਿਨ ਇੱਥੇ ਨਵੀਨੀਕਰਨ ਮਗਰੋਂ ਕੀਤੇ ਗਏ ਉਦਘਾਟਨੀ ਸਮਾਗਮ ਵਿੱਚ ਸ਼ਹੀਦਾਂ ਦੇ 31 ਪਰਿਵਾਰ ਪੁੱਜੇ ਸਨ।
ਦੱਸਣਯੋਗ ਹੈ ਕਿ ਕੇਂਦਰ ਸਰਕਾਰ ਵੱਲੋਂ ਜੱਲ੍ਹਿਆਂਵਾਲਾ ਬਾਗ ਸਾਕੇ ਦੀ ਸ਼ਤਾਬਦੀ ਨੂੰ ਸਮਰਪਿਤ ਇਸ ਸ਼ਹੀਦੀ ਯਾਦਗਾਰ ਦਾ ਨਵੀਨੀਕਰਨ ਤੇ ਸੁੰਦਰੀਕਰਨ ਕੀਤਾ ਗਿਆ ਹੈ, ਜਿਸ ’ਤੇ ਲਗਪਗ 20 ਕਰੋੜ ਰੁਪਏ ਖਰਚ ਕੀਤੇ ਗਏ ਹਨ। ਇਸ ਦਾ ਉਦਘਾਟਨ ਬੀਤੀ ਸ਼ਾਮ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵਲੋਂ ਵਰਚੁਅਲ ਤੌਰ ’ਤੇ ਕੀਤਾ ਗਿਆ ਸੀ।
ਨੌਜਵਾਨ ਭਾਰਤ ਸਭਾ ਵੱਲੋਂ ਨਵੀਨੀਕਰਨ ਦੇ ਕਾਰਜਾਂ ਦਾ ਜਾਇਜ਼ਾ
ਨੌਜਵਾਨ ਭਾਰਤ ਸਭਾ ਦੇ ਪੰਜ ਮੈਂਬਰੀ ਵਫ਼ਦ ਨੇ ਅੱਜ ਜੱਲ੍ਹਿਆਂਵਾਲਾ ਬਾਗ ਦਾ ਦੌਰਾ ਕੀਤਾ ਤੇ ਨਵੀਨੀਕਰਨ ਦੇ ਕਾਰਜਾਂ ਦਾ ਜਾਇਜ਼ਾ ਲਿਆ। ਸਭਾ ਦੇ ਜਨਰਲ ਸਕੱਤਰ ਮੰਗਾ ਆਜ਼ਾਦ ਨੇ ਇਸ ਸਬੰਧੀ ਤਸੱਲੀ ਪ੍ਰਗਟਾਉਂਦਿਆਂ ਕਿਹਾ ਕਿ ਗੋਲੀਆਂ ਦੇ ਨਿਸ਼ਾਨ ਵਾਲੀਆਂ ਕੰਧਾਂ ਪਹਿਲਾਂ ਵਾਂਗ ਹਨ। ਉਨ੍ਹਾਂ ਨਾਲ ਕੋਈ ਛੇੜਛਾੜ ਨਹੀਂ ਕੀਤੀ ਗਈ ਪਰ ਉਨ੍ਹਾਂ ਦੀ ਆਧੁਨਿਕ ਢੰਗ ਨਾਲ ਲੰਮੇ ਸਮੇਂ ਲਈ ਸੰਭਾਲ ਕਰਨ ਦੀ ਲੋੜ ਹੈ। ਇਸੇ ਤਰ੍ਹਾਂ ਸ਼ਹੀਦੀ ਖੂਹ ਦੇ ਆਲੇ-ਦੁਆਲੇ ਲੋਹੇ ਦੀ ਜਾਲੀ ਉਤਾਰ ਕੇ ਲਾਏ ਗਏ ਸ਼ੀਸ਼ੇ ’ਤੇ ਵੀ ਉਨ੍ਹਾਂ ਕੋਈ ਇਤਰਾਜ਼ ਨਹੀਂ ਪ੍ਰਗਟਾਇਆ। ਉਨ੍ਹਾਂ ਦੱਸਿਆ ਕਿ ਇਸ ਸਬੰਧੀ ਯਾਦਗਾਰ ਕਮੇਟੀ ਜਲੰਧਰ ਦੇ ਆਗੂਆਂ ਨਾਲ ਗੱਲਬਾਤ ਕੀਤੀ ਗਈ ਹੈ ਅਤੇ ਜਲਦੀ ਹੀ ਇੱਕ ਸਾਂਝਾ ਵਫਦ ਇੱਥੇ ਮੁੜ ਦੌਰਾ ਕਰੇਗਾ। ਉਨ੍ਹਾਂ ਦੱਸਿਆ ਕਿ ਬੀਤੇ ਦਿਨ ਧੱਕਾ-ਮੁੱਕੀ ਮਗਰੋਂ ਪੁਲੀਸ ਨੇ ਉਨ੍ਹਾਂ ਦੇ 60 ਕਾਰਕੁਨ ਹਿਰਾਸਤ ਵਿੱਚ ਲੈ ਲਏ ਸਨ, ਜਿਨ੍ਹਾਂ ਨੂੰ ਰਾਤ ਵੇਲੇ ਰਿਹਾਅ ਕਰ ਦਿੱਤਾ ਗਿਆ। ਉਨ੍ਹਾਂ ਦੋਸ਼ ਲਾਇਆ ਕਿ ਉਨ੍ਹਾਂ ਦੇ ਇੱਕ ਸਾਥੀ ਹਰਪ੍ਰੀਤ ਦੀ ਪੁਲੀਸ ਵੱਲੋਂ ਥਾਣੇ ਵਿੱਚ ਕੁੱਟਮਾਰ ਕੀਤੀ ਗਈ ਹੈ। ਦੇਸ਼ ਭਗਤ ਯਾਦਗਾਰ ਕਮੇਟੀ ਜਲੰਧਰ ਦੇ ਟਰੱਸਟੀ ਪਿਰਥੀਪਾਲ ਸਿੰਘ ਮਾੜੀਮੇਘਾ ਨੇ ਕਿਹਾ ਕਿ ਪੰਜਾਬ ਪੁਲੀਸ ਨੇ ਧਰਨਾਕਾਰੀਆਂ ’ਤੇ ਤਸ਼ੱਦਦ ਕੀਤਾ, ਜਿਸ ਕਰਕੇ ਕਈ ਧਰਨਾਕਾਰੀਆਂ ਨੂੰ ਸੱਟਾਂ ਲੱਗੀਆਂ ਹਨ। ਸਰਕਾਰ ਜਬਰ ਕਰਨ ਵਾਲੀ ਪੁਲੀਸ ਵਿਰੁੱਧ ਸਖਤ ਕਾਰਵਾਈ ਕਰੇ। ਇਸ ਦੌਰਾਨ ਪ੍ਰਗਤੀਸ਼ੀਲ ਲੇਖਕ ਸੰਘ, ਫੋਕਲੋਰ ਰਿਸਰਚ ਅਕਾਦਮੀ, ਆਲਮੀ ਪੰਜਾਬੀ ਵਿਰਾਸਤ ਫਾਊਂਡੇਸ਼ਨ, ਪੰਜਾਬੀ ਸਾਹਿਤ ਸਭਾ ਚੋਗਾਵਾਂ ਅਤੇ ਜਮਹੂਰੀ ਅਧਿਕਾਰ ਸਭਾ ਦੇ ਅਹੁਦੇਦਾਰਾਂ ਨੇ ਪੰਜਾਬ ਪੁਲੀਸ ਵੱਲੋਂ ਧਰਨਾਕਾਰੀਆਂ ’ਤੇ ਕੀਤੇ ਗਏ ਲਾਠੀਚਾਰਜ ਦੀ ਨਿਖੇਧੀ ਕੀਤੀ ਹੈ।