ਪਾਲ ਸਿੰਘ ਨੌਲੀ
ਜਲੰਧਰ, 31 ਮਈ
ਇਥੋਂ ਦੇ ਸ਼ਿਵ ਨਗਰ ਇਲਾਕੇ ਵਿੱਚ ਬੀਤੀ ਦੇਰ ਰਾਤ ਗੁੱਸੇ ਵਿੱਚ ਆ ਕੇ ਸੁਰੱਖਿਆ ਗਾਰਡ ਵਜੋਂ ਕੰਮ ਕਰਦੇ ਵਿਅਕਤੀ ਨੇ ਆਪਣੀ ਪਤਨੀ ਅਤੇ ਉਸ ਦੇ ਮਾਤਾ-ਪਿਤਾ ਦਾ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ। ਮੁਲਜ਼ਮ ਸੁਨੀਲ ਕੁਮਾਰ ਆਪਣੀ ਪਤਨੀ ਸ਼ਿਲਪੀ, ਉਸ ਦੇ ਪਿਤਾ ਅਸ਼ੋਕ ਅਤੇ ਮਾਂ ਕ੍ਰਿਸ਼ਨਾ ਦਾ ਕਤਲ ਕਰਨ ਤੋਂ ਬਾਅਦ ਘਟਨਾ ਤੋਂ ਫ਼ਰਾਰ ਨਹੀਂ ਹੋਇਆ, ਸਗੋਂ ਪੁਲੀਸ ਦੇ ਪਹੁੰਚਣ ਤੱਕ ਉਹ ਮੌਕਾ-ਏ-ਵਾਰਦਾਤ ‘ਤੇ ਹੀ ਰਿਹਾ। ਸੁਨੀਲ ਦਾ ਇਹ ਤੀਜਾ ਵਿਆਹ ਸੀ। ਉਸ ਦਾ ਇਹ ਵਿਆਹ ਕਰੀਬ ਤਿੰਨ ਸਾਲ ਪਹਿਲਾਂ ਹੋਇਆ ਸੀ ਅਤੇ ਉਨ੍ਹਾਂ ਦਾ ਦੋ ਸਾਲ ਦਾ ਬੱਚਾ ਹੈ। ਉਸ ਦੇ ਪਹਿਲੇ ਦੋ ਵਿਆਹ ਝਗੜੇ ਕਾਰਨ ਹੀ ਟੁੱਟੇ ਸਨ। ਬੀਤੀ ਦੇਰ ਸ਼ਾਮ ਪਤੀ-ਪਤਨੀ ਦੀ ਲੜਾਈ ਹੋ ਗਈ, ਜਿਸ ਤੋਂ ਬਾਅਦ ਸ਼ਿਲਪੀ ਨੇ ਆਪਣੇ ਮਾਤਾ-ਪਿਤਾ ਨੂੰ ਬੁਲਾਇਆ ਸੀ। ਇਲਾਕਾ ਨਿਵਾਸੀ ਵੀ ਲੜਾਈ ਨੂੰ ਸੁਲਝਾਉਣ ਲਈ ਇਕੱਠੇ ਹੋਏ ਸਨ। ਸੁਨੀਲ ਪਹਿਲਾਂ ਉਥੋਂ ਚਲਾ ਗਿਆ ਪਰ ਬਾਅਦ ਵਿੱਚ ਵਾਪਸ ਆ ਗਿਆ ਅਤੇ ਤਿੰਨਾਂ ‘ਤੇ ਗੋਲੀਆਂ ਚਲਾ ਦਿੱਤੀਆਂ ਅਤੇ ਉਨ੍ਹਾਂ ਦੀ ਮੌਕੇ ‘ਤੇ ਹੀ ਮੌਤ ਹੋ ਗਈ।