ਪਾਲ ਸਿੰਘ ਨੌਲੀ
ਜਲੰਧਰ, 16 ਨਵੰਬਰ
ਰਾਏਜ਼ਾਦਾ ਹੰਸਰਾਜ ਬੈਡਮਿੰਟਨ ਸਟੇਡੀਅਮ ’ਚ ਸਪੋਰਟਸ ਰੈਸਟੋਰੈਂਟ ਬਣਾਉਣ ਲਈ ਜਲੰਧਰ ਸੈਂਟਰਲ ਹਲਕੇ ਦੇ ਕਾਂਗਰਸੀ ਵਿਧਾਇਕ ਰਜਿੰਦਰ ਬੇਰੀ ਨੇ 10 ਲੱਖ ਰੁਪਏ ਦਾ ਚੈੱਕ ਜ਼ਿਲ੍ਹਾ ਬੈਡਮਿੰਟਨ ਐਸੋਸੀਏਸ਼ਨ ਦੇ ਸਕੱਤਰ ਅਤੇ ਸਾਬਕਾ ਕੌਮੀ ਖਿਡਾਰੀ ਰਿਤਿਨ ਖੰਨਾ ਨੂੰ ਸੌਂਪਿਆ। ਇਸ ਰੈਸਟੋਰੈਂਟ ਦਾ ਨਿਰਮਾਣ ਦਸੰਬਰ ਵਿੱਚ ਸ਼ੁਰੂ ਹੋ ਜਾਵੇਗਾ ਅਤੇ ਜਨਵਰੀ ’ਚ ਖਿਡਾਰੀਆਂ ਨੂੰ ਸੇਵਾਵਾਂ ਦੇਣ ਲੱਗੇਗਾ।
ਇਸ ਦੇ ਬਣਨ ਨਾਲ ਖਿਡਾਰੀਆਂ ਨੂੰ ਬਹੁਤ ਵੱਡੀ ਰਾਹਤ ਮਿਲੇਗੀ। ਰੈਸਟੋਰੈਂਟ ਬਣ ਜਾਣ ’ਤੇ ਟੂਰਨਾਮੈਂਟ ਵਿੱਚ ਹਿੱਸਾ ਲੈਣ ਵਾਲੇ, ਹੋਸਟਲ ’ਚ ਰਹਿਣ ਵਾਲੇ ਅਤੇ ਸਟੇਡੀਅਮ ਵਿੱਚ ਅਭਿਆਸ ਕਰਨ ਲਈ ਆਉਣ ਵਾਲੇ ਖਿਡਾਰੀਆਂ ਨੂੰ ਸਟੇਡੀਅਮ ਵਿੱਚ ਤਿੰਨੋਂ ਟਾਈਮ ਸਾਫ-ਸੁਥਰਾ ਅਤੇ ਪੌਸ਼ਟਿਕ ਭੋਜਨ ਮਿਲ ਜਾਵੇਗਾ। ਸ੍ਰੀ ਖੰਨਾ ਨੇ ਵਿਧਾਇਕ ਰਜਿੰਦਰ ਬੇਰੀ ਦਾ ਧੰਨਵਾਦ ਕਰਦੇ ਹੋਏ ਕਿਹਾ ਕਿ ਕਾਫੀ ਸਮੇਂ ਤੋਂ ਇਹ ਮੰਗ ਉੱਠ ਰਹੀ ਸੀ। ਇਸ ਮੌਕੇ ਕੌਂਸਲਰ ਡਾ. ਜਸਲੀਨ ਸੇਠੀ, ਇੰਪਰੂਵਮੈਂਟ ਟਰੱਸਟ ਦੇ ਟਰੱਸਟੀ ਭੁਪਿੰਦਰ ਸਿੰਘ ਜੌਲੀ, ਸੁਮਿਤ ਸ਼ਰਮਾ, ਧੀਰਜ ਸ਼ਰਮਾ, ਰਵਿੰਦਰ ਰਵੀ ਅਤੇ ਅਰਜੁਨ ਹਾਜ਼ਰ ਸਨ।