ਪਾਲ ਸਿੰਘ ਨੌਲੀ
ਜਲੰਧਰ, 9 ਮਾਰਚ
ਇਸ ਵਾਰ ਪੰਜਾਬ ਵਿਧਾਨ ਸਭਾ ਲਈ ਪਈਆਂ ਵੋਟਾਂ ਨੇ ਇਕੱਲੇ ਉਮੀਦਵਾਰਾਂ ਨੂੰ ਹੀ ਨਹੀਂ ਸਗੋਂ ਸਾਰੇ ਰਾਜਸੀ ਪੰਡਿਤਾਂ ਨੂੰ ਵੀ ਭੰਬਲਭੂਸੇ ਵਿੱਚ ਪਾਇਆ ਹੋਇਆ ਹੈ। ਅਜਿਹੀ ਸਥਿਤੀ ਵਿੱਚ ਉਮੀਦਵਾਰਾਂ ਨੂੰ ਆਪਣੀ ਜਿੱਤ ਬਾਰੇ ਪੱਕਾ ਯਕੀਨ ਵੀ ਨਹੀਂ ਹੈ, ਜਿਸ ਕਰਕੇ ਉਹ ਜਸ਼ਨ ਮਨਾਉਣ ਲਈ ਹਲਵਾਈਆਂ ਨੂੰ ਲੱਡੂ ਬਣਾਉਣ ਦੇ ਆਰਡਰ ਵੀ ਨਹੀਂ ਦੇ ਰਹੇ। ਹਲਵਾਈਆਂ ਨੇ ਇਸ ਉਮੀਦ ਨਾਲ ਕੁਇੰਟਲਾਂ ਦੇ ਹਿਸਾਬ ਨਾਲ ਲੱਡੂ ਬਣਾ ਲਏ ਹਨ ਕਿ ਜਿਹੜਾ ਉਮੀਦਵਾਰ ਵੀ ਜਿੱਤਿਆ ਆਖ਼ਰ ਉਸ ਨੇ ਜਿੱਤ ਦੀ ਖੁਸ਼ੀ ਵਿੱਚ ਲੋਕਾਂ ਦਾ ਮੂੰਹ ਤਾਂ ਮਿੱਠਾ ਕਰਵਾਉਣਾ ਹੀ ਹੈ। ਇੱਥੋਂ ਦੀ ਲਵਲੀ ਸਵੀਟ ਸ਼ਾਪ ਦੇ ਪ੍ਰਬੰਧਕਾਂ ਨੇ ਦੱਸਿਆ ਕਿ ਉਨ੍ਹਾਂ ਨੂੰ ਲੱਡੂਆਂ ਦਾ ਆਰਡਰ ਤਾਂ ਨਹੀਂ ਮਿਲਿਆ ਪਰ ਉਨ੍ਹਾਂ ਨੇ ਥੋਕ ਵਿੱਚ ਲੱਡੂ ਬਣਾ ਲਏ ਹਨ।
ਉਧਰ ਅਵਤਾਰ ਨਗਰ ਤੋਂ ਸਪੋਰਟਸ ਮਾਰਕੀਟ ਨੂੰ ਜਾਣ ਵਾਲੀ ਸੜਕ ’ਤੇ ਵੱਡੀ ਗਿਣਤੀ ਵਿੱਚ ਢੋਲੀ ਆਪਣੇ ਢੋਲ ਤਿਆਰ ਕਰਕੇ ਬੈਠੇ ਹਨ। ਨਰਿੰਦਰ ਢੋਲੀ ਨੇ ਦੱਸਿਆ ਕਿ ਕਿਸੇ ਵੀ ਪਾਰਟੀ ਦੇ ਉਮੀਦਵਾਰ ਜਾਂ ਉਨ੍ਹਾਂ ਦੇ ਸਮਰੱਥਕਾਂ ਨੇ ਢੋਲ ਲਈ ਸਾਈ ਨਹੀਂ ਫੜਾਈ। ਉਹ ਤਾਂ ਪਿਛਲੇ ਦੋ ਤਿੰਨ ਦਿਨਾਂ ਤੋਂ ਸਿਆਸੀ ਗਾਹਕਾਂ ਦੀ ਉਡੀਕ ਵਿੱਚ ਬੈਠੇ ਸਨ। ਹੁਣ ਤਾਂ ਉਹ ਉਮੀਦਵਾਰਾਂ ਦੇ ਜਾਣ-ਪਛਾਣ ਵਾਲੇ ਸਮਰੱਥਕਾਂ ਨੂੰ ਫੋਨ ਕਰ ਰਹੇ ਹਨ ਕਿ ਜਿਵੇਂ ਹੀ ਵੋਟਾਂ ਦੇ ਰੁਝਾਨ ਆਉਣ ਲੱਗਣ ਤਾਂ ਉਨ੍ਹਾਂ ਨੂੰ ਦੱਸ ਦੇਣ। ਇਸ ਸੜਕ ’ਤੇ ਕਈ ਢੋਲੀ ਹਨ ਪਰ ਕਿਸੇ ਨੂੰ ਵੋਟਾਂ ਦੀ ਗਿਣਤੀ ਵਾਲੇ ਦਿਨ ਦਾ ਆਰਡਰ ਨਹੀਂ ਮਿਲਿਆ। ਮੱਦੀ ਢੋਲੀ ਦਾ ਕਹਿਣਾ ਸੀ ਕਿ ਉਹ ਤਾਂ ਢੋਲ ’ਤੇ ਡੱਗਾ ਲਗਾਉਣ ਲਈ ਤਿਆਰ ਬੈਠੇ ਹਨ ਪਰ ਕੋਈ ਆਵੇ ਤਾਂ ਸਹੀ। ਵੋਟਾਂ ਦੀ ਗਿਣਤੀ ਸਬੰਧੀ ਪ੍ਰਸ਼ਾਸਨ ਨੇ ਸਾਰੀਆਂ ਤਿਆਰੀਆਂ ਕਰ ਲਈਆਂ ਹਨ। ਨੀਮ ਸੁਰੱਖਿਆ ਦਸਤੇ ਗਿਣਤੀ ਕੇਂਦਰਾਂ ਦੇ ਦੁਆਲੇ ਤਾਇਨਾਤ ਕਰ ਦਿੱਤੇ ਹਨ। ਸਿਆਸੀ ਪਾਰਟੀਆਂ ਦੇ ਗਿਣਤੀ ਏਜੰਟਾਂ ਅਤੇ ਮੀਡੀਆ ਕਰਮੀਆਂ ਨੂੰ ਹੀ ਗਿਣਤੀ ਕੇਂਦਰਾਂ ਅੰਦਰ ਜਾਣ ਦੀ ਆਗਿਆ ਹੋਵੇਗੀ। ਇੱਥੋਂ ਦੇ ਕਾਂਗਰਸ ਭਵਨ ਵਿੱਚ ਅੱਜ ਸੰਨਾਟਾ ਛਾਇਆ ਹੋਇਆ ਸੀ। ਸ਼ਾਮ ਵੇਲੇ ਕਾਂਗਰਸ ਭਵਨ ਦੀਆਂ ਤਸਵੀਰਾਂ ਖਿੱਚਣ ਤੱਕ ਕੋਈ ਵੀ ਆਗੂ ਜਾਂ ਵਰਕਰ ਉਥੇ ਹਾਜ਼ਰ ਨਹੀਂ ਸੀ। ਲੋਕ ਕਾਂਗਰਸ ਭਵਨ ਵਿੱਚ ਪਸਰੀ ਸੁੰਨ ਤੋਂ ਵੀ ਆਪੋ-ਆਪਣੇ ਹਿਸਾਬ ਨਾਲ ਇਸ ਦੇ ਰਾਜਨੀਤਕ ਮਤਲਬ ਕੱਢ ਰਹੇ ਸਨ।
ਆਮ ਆਦਮੀ ਪਾਰਟੀ ਦੇ ਜਲੰਧਰ ਪੱਛਮੀ ਤੋਂ ਉਮੀਦਵਾਰ ਸ਼ੀਤਲ ਅੰਗੂਰਾਲ ਨੇ ਦੱਸਿਆ ਕਿ ਉਸ ਨੂੰ ਜਿੱਤ ਦੀ ਪੂਰੀ ਉਮੀਦ ਹੈ। ਇਸ ਲਈ ਉਨ੍ਹਾਂ ਨੇ ਆਪਣੇ ਹਲਕੇ ਵਿੱਚ ਵੱਖ-ਵੱਖ ਥਾਵਾਂ ’ਤੇ ਤਿੰਨ ਕੁਇੰਟਲ ਲੱਡੂ ਬਣਾਉਣ ਲਈ ਆਰਡਰ ਦਿੱਤੇ ਹੋਏ ਹਨ।