ਮਕਬੂਲ ਅਹਿਮਦ
ਕਾਦੀਆਂ, 6 ਜੁਲਾਈ
ਲਾਹੌਰ ਦੀ ਰਹਿਣ ਵਾਲੀ ਕ੍ਰਿਸ਼ਚੀਅਨ ਮੁਟਿਆਰ ਸ਼ਮਾਇਲਾ ਵਾਹਗਾ ਸਰਹੱਦ ਰਾਹੀਂ ਭਾਰਤ ਵਿੱਚ ਪੁੱਜ ਗਈ ਹੈ। ਉਸ ਦਾ 10 ਜੁਲਾਈ ਨੂੰ ਜਲੰਧਰ ਦੇ ਰਹਿਣ ਵਾਲੇ ਹਿੰਦੂ ਲੜਕੇ ਕਮਲ ਕਲਿਆਣ ਨਾਲ ਵਿਆਹ ਹੋਣਾ ਹੈ। ਸ਼ਮਾਇਲਾ ਨਾਲ ਉਸ ਦੇ ਮਾਪੇ ਵੀ ਵਿਸ਼ੇਸ਼ ਤੌਰ ’ਤੇ ਭਾਰਤ ਪੁੱਜੇ ਹਨ। ਇੱਥੇ ਮੀਡੀਆ ਨਾਲ ਗੱਲਬਾਤ ਕਰਦਿਆਂ ਸ਼ਮਾਇਲਾ ਨੇ ਦੱਸਿਆ ਕਿ ਉਹ ਭਾਰਤ ਸਰਕਾਰ ਦੀ ਸ਼ੁਕਰਗੁਜ਼ਾਰ ਹੈ ਕਿ ਉਸ ਨੂੰ ਭਾਰਤ ਵਿੱਚ ਵਿਆਹ ਕਰਵਾਉਣ ਲਈ ਉਸ ਨੂੰ ਮਾਪਿਆਂ ਸਣੇ ਵੀਜ਼ਾ ਜਾਰੀ ਕੀਤਾ ਗਿਆ ਹੈ। ਉਸ ਨੇ ਦੱਸਿਆ ਕਿ ਜਲੰਧਰ ਦੇ ਰਹਿਣ ਵਾਲੇ ਕਮਲ ਕਲਿਆਣ ਦੇ ਪਰਿਵਾਰ ਨਾਲ ਉਨ੍ਹਾਂ ਦੀ ਰਿਸ਼ਤੇਦਾਰੀ ਸੀ। ਤਿੰਨ ਸਾਲ ਪਹਿਲਾਂ ਉਨ੍ਹਾਂ ਦੀ ਨੇੜਤਾ ਵਧੀ ਸੀ ਜਿਸ ਤੋਂ ਬਾਅਦ ਉਨ੍ਹਾਂ ਨੇ ਇੱਕ-ਦੂਜੇ ਨਾਲ ਵਿਆਹ ਕਰਵਾਉਣ ਦਾ ਫ਼ੈਸਲਾ ਕੀਤਾ। ਉਨ੍ਹਾਂ ਦੇ ਵਿਆਹ ਦੀ ਤਿਆਰੀਆਂ ਪੂਰੇ ਜ਼ੋਰ-ਸ਼ੋਰ ਨਾਲ ਚੱਲ ਰਹੀਆਂ ਹਨ। 9 ਜੁਲਾਈ ਨੂੰ ਮਹਿੰਦੀ ਦੀ ਰਸਮ ਹੋਵੇਗੀ ਅਤੇ 10 ਜੁਲਾਈ ਨੂੰ ਜਲੰਧਰ ਵਿੱਚ ਵਿਆਹ ਹੋਵੇਗਾ। ਸ਼ਮਾਇਲਾ ਪਾਕਿਸਤਾਨ ਤੋਂ ਆਪਣੇ ਵਿਆਹ ਦਾ ਕਾਫ਼ੀ ਸਾਮਾਨ ਲੈ ਕੇ ਆਈ ਹੈ ਜਿਸ ਕਰ ਕੇ ਉਸ ਨੂੰ ਵਾਹਗਾ ਬਾਰਡਰ ’ਤੇ ਮੋਟਾ ਟੈਕਸ ਵੀ ਦੇਣਾ ਪਿਆ ਹੈ।