ਪਾਲ ਸਿੰਘ ਨੌਲੀ
ਜਲੰਧਰ,1 7 ਜੁਲਾਈ
ਕਰੋਨਾ ਵਾਇਰਸ ਕਾਰਨ ਜ਼ਿਲ੍ਹਾ ਪ੍ਰੇਸ਼ਾਨ ਤੇ ਸਹਿਮਿਆ ਹੋਇਆ ਹੈ। ਅੱਜ ਆਈਆਂ ਰਿਪੋਰਟਾਂ ਵਿੱਚ 66 ਨਵੇਂ ਕੇਸ ਪਾਜ਼ੇਟਿਵ ਆਏ ਹਨ। ਇਨ੍ਹਾਂ ਵਿੱਚ 7 ਬੱਚੇ, ਤਿੰਨ ਸੀਆਰਪੀਐੱਫ ਦੇ ਜਵਾਨ, ਦੋ ਪੀਏਪੀ ਦੇ ਮੁਲਾਜ਼ਮ ਸ਼ਾਮਲ ਹਨ। ਜਲੰਧਰ ਦੀ ਭੂਰ ਮੰਡੀ ਵਿੱਚ ਵੀ ਕਰੋਨਾ ਵਾਇਰਸ ਦੇ ਮਰੀਜ਼ਾਂ ਦੀ ਗਿਣਤੀ ਲਗਾਤਾਰ ਵੱਧ ਰਹੀ ਹੈ। ਅੱਜ ਦੀਆਂ ਰਿਪੋਰਟਾਂ ਅਨੁਸਾਰ 7 ਨਵੇਂ ਕੇਸ ਭੂਰਮੰਡੀ ਦੇ ਹਨ। ਸ਼ਹਿਰ ਦੇ ਪਾਸ਼ ਇਲਾਕੇ ਮਾਡਲ ਟਾਊਨ ਵਿੱਚ ਵੀ ਕਰੋਨਾ ਦੇ ਮਰੀਜ਼ਾਂ ਦੀ ਗਿਣਤੀ ਵੱਧ ਰਹੀ ਹੈ। ਪਾਜ਼ੇਟਿਵ ਮਰੀਜ਼ਾਂ ਦਾ ਅੰਕਵਾ 1533 ਤੱਕ ਪੁੱਜਾ ਹੈ। ਹੁਣ ਤੱਕ ਜ਼ਿਲ੍ਹੇ ਵਿੱਚ 33 ਮੌਤਾਂ ਹੋ ਚੁੱਕੀਆਂ ਹਨ। ਇਸ ਤਰ੍ਹਾਂ ਕਰੋਨਾਵਾਇਰਸ ਦੇ ਵੱਧ ਰਹੇ ਮਰੀਜ਼ਾਂ ਕਾਰਨ ਮਾਈਕ੍ਰੋ ਕੰਟੇਨਮੈਂਟ ਜ਼ੋਨ ਦੀ ਗਿਣਤੀ ਵੀ ਲਗਾਤਾਰ ਵੱਧ ਰਹੀ ਹੈ। ਸ਼ਹਿਰੀ ਅਤੇ ਪੇਂਡੂ ਇਲਾਕਿਆਂ ਨੂੰ ਮਿਲਾ ਕੇ ਹੁਣ 20 ਮਾਈਕ੍ਰੋ ਕੰਟੇਨਮੈਂਟ ਜ਼ੋਨ ਹੋ ਗਏ ਹਨ। ਜ਼ਿਲ੍ਹਾ ਮੈਜਿਸਟ੍ਰੇਟ-ਕਮ-ਡਿਪਟੀ ਕਮਿਸ਼ਨਰ ਘਣਸ਼ਿਆਮ ਥੋਰੀ ਵੱਲੋਂ ਜਾਰੀ ਹੁਕਮਾਂ ਵਿੱਚ ਜਿਹੜੇ ਸ਼ਹਿਰੀ ਇਲਾਕਿਆਂ ਵਿੱਚ ਕੰਟੇਨਮੈਂਟ ਜ਼ੋਨ ਬਣਾਏ ਗਏ ਹਨ ਉਨ੍ਹਾਂ ਵਿੱਚ ਰਾਣੀ ਬਾਗ, ਸ਼ਹੀਦ ਭਗਤ ਸਿੰਘ ਨਗਰ, ਰਾਮ ਨਗਰ, ਅਟਵਾਲ ਹਾਊਸ, ਕਾਲੀ ਮੁਹੱਲਾ, ਬਸਤੀ ਬਾਵਾ ਖੇਲ, ਈਸ਼ਾ ਨਗਰ, ਗੋਬਿੰਦਗੜ੍ਹ ਸੈਂਟਰਲ ਟਾਊਨ, ਹਰਦਿਆਲ ਨਗਰ, ਗੋਲਡਨ ਐਵਨਿਊ, ਰਸਤਾ ਮੁਹੱਲਾ, ਸੂਰਯਾ ਵਿਹਾਰ ਮਕਸੂਦਾਂ, ਅੱਡਾ ਹੁਸ਼ਿਆਰਪੁਰ ਤੇ ਲਾਜਪਤ ਨਗਰ ਸ਼ਾਮਲ ਹਨ। ਇਸੇ ਤਰ੍ਹਾਂ ਪੇਂਡੂ ਇਲਾਕਿਆਂ ’ਚ ਸਮਰਾਏ ਜੰਡਿਆਲਾ, ਅਰੋੜਾ ਮੁਹੱਲਾ ਭੋਗਪੁਰ, ਦਸ਼ਮੇਸ਼ ਨਗਰ ਭੋਗਪੁਰ, ਨੱਥੋਵਾਲ, ਅਕਬਰਪੁਰ ਖੁਰਦ ਨਕੋਦਰ, ਈਮਲੀਵਾਲਾ ਮੁਹੱਲਾ ਕਰਤਾਰਪੁਰ ਨੂੰ ਮਾਈਕ੍ਰੋ ਕੰਟੇਨਮੈਂਟ ਜ਼ੋਨ ’ਚ ਰੱਖਿਆ ਗਿਆ ਹੈ।