ਸਰਬਜੀਤ ਸਿੰਘ ਭੰਗੂ
ਪਟਿਆਲਾ, 12 ਨਵੰਬਰ
ਘਨੌਰ ਦੇ ਕਾਂਗਰਸੀ ਵਿਧਾਇਕ ਮਦਨ ਲਾਲ ਜਲਾਲਪੁਰ ਨੇ ਅਮਰਿੰਦਰ ਸਿੰਘ ’ਤੇ ਆਰੂਸਾ ਆਲਮ ਰਾਹੀਂ ਤੇ ਪ੍ਰਨੀਤ ਕੌਰ ’ਤੇ ਆਪਣੇ ਰਿਸ਼ਤੇਦਾਰ ਹਨੀ ਸੇਖੋਂ ਰਾਹੀਂ ਭ੍ਰਿਸ਼ਟਾਚਾਰ ਕਰਨ ਦੇ ਦੋਸ਼ ਲਾਏ। ਪਹਿਲਾਂ ਅਮਰਿੰਦਰ ਸਿੰਘ ਦੇ ਓਐੱਸਡੀ ਤੇ ਹੁਣ ਸੂਚਨਾ ਕਮਿਸ਼ਨ ਪੰਜਾਬ ਦੇ ਚੇਅਰਮੈਨ ਵਜੋਂ ਕਾਰਜਸ਼ੀਲ ਹਨੀ ਸੇਖੋਂ ਨੂੰ ਵਿਧਾਇਕ ਨੇ ਪ੍ਰਨੀਤ ਕੌਰ ਦਾ ਕਥਿਤ ਦਲਾਲ ਵੀ ਦੱਸਿਆ। ਉਨ੍ਹਾਂ ਸ਼ਾਹੀ ਪਰਿਵਾਰ ’ਤੇ ਸਾਢੇ ਚਾਰ ਸਾਲਾਂ ਤੱਕ ਨਾ ਸਿਰਫ਼ ਵਰਕਰਾਂ, ਬਲਕਿ ਕੌਂਸਲਰਾਂ ਅਤੇ ਵਿਧਾਇਕਾਂ ਦੀ ਵੀ ਸਾਰ ਨਾ ਲੈਣ ਦੇ ਦੋਸ਼ ਲਾਏ। ਪ੍ਰਨੀਤ ਕੌਰ ਨੂੰ ਸੰਸਦ ਮੈਂਬਰ ਦੇ ਅਹੁਦੇ ਤੋਂ ਅਸਤੀਫ਼ਾ ਦੇ ਕੇ ਮੁੜ ਚੋਣ ਲੜਨ ਦੀ ਚੁਣੌਤੀ ਦਿੰਦਿਆਂ ਵਿਧਾਇਕ ਨੇ ਕਿਹਾ ਕਿ ਲੋਕ ਉਨ੍ਹਾਂ ਦੇ ਸਾਰੇ ਭੁਲੇਖੇ ਦੂਰ ਕਰ ਦੇਣਗੇ। ਵਿਧਾਇਕ ਜਲਾਲਪੁਰ ਨੇ ਹਲਕਾ ਘਨੌਰ ਵਿੱਚੋਂ ਪਿਛਲੇ ਸਮੇਂ ਦੌਰਾਨ ਫੜੀ ਗਈ ਸ਼ਰਾਬ ਦੀ ਨਾਜਾਇਜ਼ ਫੈਕਟਰੀ ਵੀ ਉਸ ਨੂੰ ਬਦਨਾਮ ਕਰਵਾਉਣ ਲਈ ਸ਼ਾਹੀ ਪਰਿਵਾਰ ਵੱਲੋਂ ਹੀ ਲਵਾਈ ਹੋਣ ਦੀ ਗੱਲ ਆਖੀ। ਜਲਾਲਪੁਰ ਨੇ ਕਿਹਾ ਕਿ ਇਸ ਸਬੰਧੀ ਫੜੇ ਗਏ ਵਿਅਕਤੀਆਂ ਤੋਂ ਉਨ੍ਹਾਂ ਖ਼ਿਲਾਫ਼ ਜਬਰੀ ਵੀਡੀਓ ਵੀ ਬਣਵਾਈ ਗਈ, ਜਿਸ ਰਾਹੀਂ ਉਨ੍ਹਾਂ ’ਤੇ ਅਮਰਿੰਦਰ ਸਿੰਘ ਦੇ ਨਾਲ ਚੱਲਣ ਲਈ ਦਬਾਅ ਪਾਇਆ ਗਿਆ ਪਰ ਉਹ ਆਪਣੇ ਸਟੈਂਡ ’ਤੇ ਕਾਇਮ ਰਹੇ। ਗੌਰਤਲਬ ਹੈ ਕਿ ਅਮਰਿੰਦਰ ਸਿੰਘ ਦੇ ਵਿਰੋਧੀ ਧੜੇ ਨਾਲ ਚੱਲਣ ਦੀ ਪਹਿਲਕਦਮੀ ਕਰਨ ਕਰਕੇ ਅੱਜ ਜ਼ਿਲ੍ਹੇ ’ਚ ਮਦਨ ਲਾਲ ਜਲਾਲਪੁਰ ਹੀ ਪ੍ਰਮੁੱਖ ਕਾਂਗਰਸੀ ਆਗੂ ਵਜੋਂ ਵਿਚਰਦੇ ਨਜ਼ਰ ਆ ਰਹੇ ਹਨ, ਜਿਸ ਦਾ ਖੁਲਾਸਾ ਜਲਾਲਪੁਰ ਨੇ ਅੱਜ ਖੁਦ ਸਟੇਜ ਤੋਂ ਬੋਲਦਿਆਂ ਕੀਤਾ।