ਪੱਤਰ ਪ੍ਰੇਰਕ
ਜਗਰਾਉਂ, 8 ਨਵੰਬਰ
ਜਲਾਲਾਬਾਦ ਮੋਟਰਸਾਈਕਲ ਬੰਬ ਧਮਾਕੇ ’ਚ ਲੋੜੀਂਦੇ ਮੁੱਖ ਮੁੱਖ ਰਣਜੀਤ ਸਿੰਘ ਵਾਸੀ ਪਿੰਡ ਨਿਹੰਗਾਂ ਦੇ ਝੁੱਗੇ (ਫਿਰੋਜ਼ਪੁਰ) ਨੂੰ ਦੋ ਦਿਨ ਪਹਿਲਾਂ ਪੁਲੀਸ ਨੇ ਗ੍ਰਿਫ਼ਤਾਰ ਕਰ ਲਿਆ ਹੈ। ਥਾਣਾ ਸਿੱਧਵਾਂ ਬੇਟ ਦੇ ਇੰਚਾਰਜ ਇੰਸਪੈਕਟਰ ਬਿਕਰਮਜੀਤ ਸਿੰਘ ਵੱਲੋਂ ਕੀਤੀ ਪੁਸ਼ਟੀ ਅਨੁਸਾਰ ਰਣਜੀਤ ਸਿੰਘ ਦਾ 9 ਨਵੰਬਰ ਤੱਕ ਪੁਲੀਸ ਰਿਮਾਂਡ ਹਾਸਲ ਕੀਤਾ ਗਿਆ ਸੀ, ਜੋ ਭਲਕੇ ਖਤਮ ਹੋ ਜਾਵੇਗਾ। ਇਸ ਲਈ ਉਸ ਨੂੰ ਮੁੜ ਅਦਾਲਤ ’ਚ ਪੇਸ਼ ਕਰ ਕੇ ਰਿਮਾਂਡ ਹਾਸਲ ਕਰਨ ਦੀ ਕੋਸ਼ਿਸ਼ ਕੀਤੀ ਜਾਵੇਗੀ। ਜ਼ਿਕਰਯੋਗ ਹੈ ਕਿ ਇਸ ਗਰੋਹ ਨੇ ਟਿਫਨ ਬੰਬ ਰਾਹੀਂ ਜਲਾਲਾਬਾਦ (ਫਿਰੋਜ਼ਪੁਰ) ਵਿੱਚ ਵੱਡੀ ਵਾਰਦਾਤ ਨੂੰ ਅੰਜਾਮ ਦਿੱਤਾ ਸੀ। ਇਹ ਮੁਲਜ਼ਮ ਪੁਲੀਸ ਤੋਂ ਬਚਣ ਲਈ ਸਿੱਧਵਾਂ ਬੇਟ ਇਲਾਕੇ ਵਿੱਚ ਲੁਕੇ ਹੋਏ ਸਨ। ਸਿੱਧਵਾਂ ਬੇਟ ਥਾਣੇ ਵਿੱਚ ਚਾਰ ਮੁਲਜ਼ਮਾਂ ਖ਼ਿਲਾਫ਼ ਕੇਸ ਦਰਜ ਕੀਤਾ ਗਿਆ ਸੀ।