ਦਵਿੰਦਰ ਪਾਲ
ਚੰਡੀਗੜ੍ਹ, 19 ਮਈ
ਪੰਜਾਬ ਦੀਆਂ ਹਾਲੀਆ ਵਿਧਾਨ ਸਭਾ ਚੋਣਾਂ ’ਚ ਹਾਰਨ ਤੋਂ ਬਾਅਦ ਕਾਂਗਰਸ ਨੂੰ ਅੱਜ ਦੋ ਵੱਡੇ ਝਟਕੇ ਲੱਗੇ ਹਨ। ਇਨ੍ਹਾਂ ਵਿੱਚ ਸੁਨੀਲ ਜਾਖੜ ਦਾ ਭਾਰਤੀ ਜਨਤਾ ਪਾਰਟੀ ਵਿੱਚ ਸ਼ਾਮਲ ਹੋਣਾ ਅਤੇ ਨਵਜੋਤ ਸਿੰਘ ਸਿੱਧੂ ਨੂੰ ਸੁਪਰੀਮ ਕੋਰਟ ਵੱਲੋਂ ਇੱਕ ਸਾਲ ਦੀ ਸਜ਼ਾ ਸੁਣਾਉਣਾ ਹੈ। ਪਾਰਟੀ ਦੇ ਦੋ ਸਾਬਕਾ ਸੂਬਾ ਪ੍ਰਧਾਨਾਂ ਦੇ ਮਾਮਲੇ ’ਤੇ ਵਾਪਰੀਆਂ ਘਟਨਾਵਾਂ ਨੇ ਕਾਂਗਰਸੀ ਆਗੂਆਂ ਨੂੰ ਡੂੰਘੀ ਚਿੰਤਾ ’ਚ ਧੱਕ ਦਿੱਤਾ ਹੈ। ਵਿਧਾਨ ਸਭਾ ਚੋਣਾਂ ’ਚ ਹਾਰ ਤੋਂ ਬਾਅਦ ਪਾਟੋ ਧਾੜ ਦਿਖਾਈ ਦੇ ਰਹੀ ਕਾਂਗਰਸ ਭਾਵੇਂ ਭਟਕੀ ਹੋਈ ਦਿਖਾਈ ਦੇ ਰਹੀ ਹੈ ਪਰ ਕਾਂਗਰਸ ਦੇ ਸੱਤਾ ’ਚ ਰਹਿੰਦਿਆਂ ਸ੍ਰੀ ਜਾਖੜ ਤੇ ਸਿੱਧੂ ਨੇ ਕਾਂਗਰਸੀ ਵਰਕਰਾਂ ਤੇ ਪੰਜਾਬ ਦੇ ਲੋਕਾਂ ਵਿੱਚ ਆਪਣੀ ਥਾਂ ਬਣਾ ਲਈ ਸੀ। ਹਿੰਦੂ ਜਾਟ ਆਗੂ ਵਜੋਂ ਸਥਾਪਤ ਸ੍ਰੀ ਜਾਖੜ ਨੇ ਭਾਵੇਂ ਸਿਆਸੀ ਸਰਗਰਮੀਆਂ ਘਟਾ ਦਿੱਤੀਆਂ ਸਨ ਪਰ ਨਵਜੋਤ ਸਿੰਘ ਸਿੱਧੂ ਵਿਧਾਨ ਸਭਾ ਚੋਣਾਂ ਤੋਂ ਬਾਅਦ ਲਗਾਤਾਰ ਮੈਦਾਨ ’ਚ ਨਿੱਤਰੇ ਹੋਏ ਹਨ। ਅਹਿਮ ਤੱਥ ਇਹ ਹੈ ਕਿ ਕਾਂਗਰਸ ਹਾਈ ਕਮਾਨ ਵੱਲੋਂ ਅਨੁਸ਼ਾਸਨਹੀਣਤਾ ਨੂੰ ਆਧਾਰ ਬਣਾ ਕੇ ਜਾਖੜ ਖਿਲਾਫ ਕਾਰਵਾਈ ਕੀਤੀ ਜਾ ਚੁੱਕੀ ਹੈ ਜਦਕਿ ਸਿੱਧੂ ਖਿਲਾਫ਼ ਅਨੁਸ਼ਾਸਨਹੀਣਤਾ ਦੀ ਕਾਰਵਾਈ ਵਿਚਾਰ ਅਧੀਨ ਹੈ। ਪੰਜਾਬ ਦੀ ਸਿਆਸਤ ਵਿੱਚ ਪੱਕੇ ਪੈਰੀਂ ਹੋਣ ਲਈ ਜੂਝ ਰਹੀ ਭਾਜਪਾ ਨੂੰ ਸ੍ਰੀ ਜਾਖੜ ਦੀ ਸ਼ਮੂਲੀਅਤ ਨਾਲ ਵੱਡਾ ਹੁਲਾਰਾ ਮਿਲਿਆ ਹੈ। ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਕਾਂਗਰਸ ਦੇ ਕਈ ਆਗੂਆਂ ਨੇ ਭਾਜਪਾ ਦਾ ਪੱਲਾ ਫੜਿਆ ਸੀ ਪਰ ਭਾਜਪਾ ਆਗੂਆਂ ਦਾ ਮੰਨਣਾ ਹੈ ਕਿ ਸ੍ਰੀ ਜਾਖੜ ਦਾ ਸਾਫ਼ ਸੁਥਰਾ ਅਕਸ, ਲੋਕਾਂ ਨਾਲ ਪ੍ਰਤੀਬੱਧਤਾ ਅਤੇ ਨਿਡਰ ਆਗੂ ਵਜੋਂ ਵਿਚਰਨ ਕਾਰਨ ਭਗਵਾਂ ਪਾਰਟੀ ਲਈ ਸਿਆਸੀ ਤੌਰ ’ਤੇ ਜ਼ਿਆਦਾ ਲਾਹੇਬੰਦ ਰਹੇਗਾ। ਦੇਖਿਆ ਜਾਵੇ ਤਾਂ ਭਾਜਪਾ ਨੇ 2024 ਦੀਆਂ ਸੰਸਦੀ ਚੋਣਾਂ ਦੌਰਾਨ ਪੰਜਾਬ ਵਿੱਚ ਪੂਰੀ ਤਿਆਰੀ ਨਾਲ ਆਉਣ ਦਾ ਮੁੱਢ ਬੰਨ੍ਹ ਦਿੱਤਾ ਹੈ। ਪੰਜਾਬ ਦੀ ਸਿਆਸਤ ਵਿੱਚ ਸੁਨੀਲ ਜਾਖੜ ਇੱਕ ਕੱਦਾਵਰ ਆਗੂ ਦੇ ਤੌਰ ’ਤੇ ਜਾਣੇ ਜਾਂਦੇ ਸਨ। ਸਾਲ 2021 ਵਿੱਚ ਕਾਂਗਰਸ ਵੱਲੋਂ ਮੁੱਖ ਮੰਤਰੀ ਦੇ ਅਹੁਦੇ ’ਤੇ ਬਿਠਾਉਣ ਦੇ ਯਤਨਾਂ ਨੂੰ ਜਦੋਂ ਬੂਰ ਨਾ ਪਿਆ ਤਾਂ ਜਾਖੜ ਦੀਆਂ ਪਾਰਟੀ ਨਾਲੋਂ ਦੂਰੀਆਂ ਵਧਣ ਲੱਗੀਆਂ। ਉਸ ਤੋਂ ਬਾਅਦ ਪਾਰਟੀ ਨੇ ਜਦੋਂ ਕਾਰਨ ਦੱਸੋ ਨੋਟਿਸ ਜਾਰੀ ਕਰ ਦਿੱਤਾ ਤਾਂ ਕਾਂਗਰਸ ਅਤੇ ਜਾਖੜ ਦਰਮਿਆਨ ਸਪਸ਼ਟ ਲਕੀਰ ਖਿੱਚੀ ਗਈ। ਸੁਨੀਲ ਜਾਖੜ ਦੂਜੀ ਪੀੜੀ ਦੇ ਅਜਿਹੇ ਆਗੂ ਸਨ ਜਿਨ੍ਹਾਂ ਦਾ ਸਬੰਧ ਦਹਾਕਿਆਂ ਤੋਂ ਕਾਂਗਰਸ ਨਾਲ ਬਣਿਆ ਆ ਰਿਹਾ ਸੀ। ਉਨ੍ਹਾਂ ਦੇ ਪਿਤਾ ਬਲਰਾਮ ਜਾਖੜ ਨੂੰ ਕਾਂਗਰਸ ਨੇ ਰਾਜਪਾਲ, ਕੇਂਦਰੀ ਮੰਤਰੀ, ਲੋਕ ਸਭਾ ਸਪੀਕਰ, ਪੰਜਾਬ ਦਾ ਮੰਤਰੀ ਤੇ ਪੰਜਾਬ ਵਿਧਾਨ ਸਭਾ ’ਚ ਵਿਰੋਧੀ ਧਿਰ ਦਾ ਆਗੂ ਵੀ ਬਣਾਇਆ ਸੀ। ਉਨ੍ਹਾਂ ਦੇ ਭਰਾ ਸੱਜਣ ਕੁਮਾਰ ਜਾਖੜ ਪੰਜਾਬ ’ਚ ਮੰਤਰੀ ਤੇ ਸੁਨੀਲ ਜਾਖੜ ਖੁਦ ਤਿੰਨ ਵਾਰੀ ਵਿਧਾਇਕ, ਪੰਜਾਬ ਵਿਧਾਨ ਸਭਾ ’ਚ ਵਿਰੋਧੀ ਧਿਰ ਦੇ ਆਗੂ ਅਤੇ ਪ੍ਰਦੇਸ਼ ਕਾਂਗਰਸ ਦੇ 4 ਸਾਲਾਂ ਤੱਕ ਪ੍ਰਧਾਨ ਸਮੇਤ ਸੰਸਦ ਮੈਂਬਰ ਵੀ ਰਹੇ। ਭਾਜਪਾ ਆਗੂਆਂ ਦਾ ਕਹਿਣਾ ਹੈ ਕਿ ਪੰਜਾਬ ਦੇ ਇਹ ਆਗੂ ਰਾਜਸਥਾਨ ਅਤੇ ਹਰਿਆਣਾ ਵਿੱਚ ਵੀ ਜਾਟ ਵੋਟਰਾਂ ਨੂੰ ਪ੍ਰਭਾਵਿਤ ਕਰਨ ਦੀ ਸਮਰੱਥਾ ਰੱਖਦੇ ਹਨ।
ਕਾਂਗਰਸ ਵੱਲੋਂ ਕਦਰ ਨਾ ਕਰਨ ’ਤੇ ਜਾਖੜ ਭਾਜਪਾ ’ਚ ਗਏ: ਸੰਦੀਪ ਜਾਖੜ
ਅਬੋਹਰ (ਪੱਤਰ ਪ੍ਰੇਰਕ): ਸੁਨੀਲ ਜਾਖੜ ਦੇ ਭਤੀਜੇ ਤੇ ਅਬੋਹਰ ਦੇ ਵਿਧਾਇਕ ਸੰਦੀਪ ਜਾਖੜ ਨੇ ਕਿਹਾ ਕਿ ਕਾਂਗਰਸ ਪਾਰਟੀ ਵੱਲੋਂ ਕਦਰ ਨਾ ਪਾਏ ਜਾਣ ਕਾਰਨ ਸੂਬਾ ਕਾਂਗਰਸ ਦੇ ਸਾਬਕਾ ਪ੍ਰਧਾਨ ਅਤੇ ਟਕਸਾਲੀ ਕਾਂਗਰਸੀ ਸੁਨੀਲ ਕੁਮਾਰ ਜਾਖੜ ਕਾਂਗਰਸ ਛੱਡ ਕੇ ਭਾਜਪਾ ’ਚ ਸ਼ਾਮਲ ਹੋਏ ਤੇ ਕਾਂਗਰਸ ਪਾਰਟੀ ਲਈ ਅੱਜ ਬਹੁਤ ਮੰਦਭਾਗਾ ਦਿਨ ਹੈ। ਉਨ੍ਹਾਂ ਕਿਹਾ ਕਿ ਪਾਰਟੀ ਨੂੰ ਇਸ ਬਾਰੇ ਚਿੰਤਾ ਕਰਨੀ ਚਾਹੀਦੀ ਹੈ ਕਿਉਂਕਿ ਦੇਸ਼ ਦੇ ਹਰ ਸੂਬੇ ਵਿੱਚ ਟਕਸਾਲੀ ਕਾਂਗਰਸੀ ਲਗਾਤਾਰ ਪਾਰਟੀ ਛੱਡ ਰਹੇ ਹਨ। ਇਸ ਕਰ ਕੇ ਕਾਂਗਰਸ ਨੂੰ ਇਸ ਮਾਮਲੇ ’ਤੇ ਚਿੰਤਨ ਕਰਨਾ ਚਾਹੀਦਾ ਹੈ।