ਦੀਪਕਮਲ ਕੌਰ
ਜਲੰਧਰ, 17 ਦਸੰਬਰ
ਕਾਂਗਰਸ ਦੀ ਚੋਣ ਪ੍ਰਚਾਰ ਕਮੇਟੀ ਦੇ ਚੇਅਰਮੈਨ ਸੁਨੀਲ ਜਾਖੜ ਨੇ ਪੰਜਾਬੀ ਪਾਰਟੀ ਦੇ ਪ੍ਰਧਾਨ ਨਵਜੋਤ ਸਿੰਘ ਸਿੱਧੂ ਦੇ ਆਪਣੇ ਸਭ ਤੋਂ ਨੇੜਲੇ ਸਾਥੀ ਅਤੇ ਕੈਬਨਿਟ ਮੰਤਰੀ ਪ੍ਰਗਟ ਸਿੰਘ ਦੇ ਛਾਉਣੀ ਹਲਕੇ ਵਿੱਚ ਰੱਖੀ ਗਈ ਰੈਲੀ ਵਿੱਚ ਨਾ ਪਹੁੰਚਣ ਅਤੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨਾਲ ਮੰਚ ਸਾਂਝਾ ਨਾ ਕਰਨ ’ਤੇ ਵੱਖਰੇ ਅੰਦਾਜ਼ ਵਿੱਚ ਤਨਜ ਕੱਸਿਆ। ਜਾਖੜ ਨੇ ਖੇਤੀ ਕਾਨੂੰਨਾਂ ਨੂੰ ਲੈ ਕੇ ਕੇਂਦਰ ਸਰਕਾਰ ਖ਼ਿਲਾਫ਼ ਅੰਦੋਲਨ ਕਰਨ ਵਾਲੀਆਂ 32 ਕਿਸਾਨ ਯੂਨੀਅਨਾਂ ਦੀ ਉਦਾਹਰਨ ਦਿੱਤੀ ਕਿ ਕਿਵੇਂ ਉਨ੍ਹਾਂ ਨੇ ਸਾਂਝੇ ਟੀਚੇ ਲਈ ਆਪਣੇ ਮਤਭੇਦਾਂ ਨੂੰ ਦਰਕਿਨਾਰ ਕਰ ਦਿੱਤਾ ਸੀ। ਉਨ੍ਹਾਂ ਨੇ ਮੰਚ ’ਤੇ ਬੋਲਦਿਆਂ ਕਿਹਾ, ‘‘ਦਿੱਲੀ ਮੋਰਚੇ ਤੋਂ ਪਹਿਲਾਂ ਕਿਸਾਨ ਯੂਨੀਅਨਾਂ ਦੀ ਦੂਜੀ ਮੀਟਿੰਗ ਤਤਕਾਲੀ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨਾਲ ਚੱਲ ਰਹੀ ਸੀ, ਜਿਸ ਵਿੱਚ ਮੈਂ ਵੀ ਮੌਜੂਦ ਸੀ। ਦਰਸ਼ਨਪਾਲ ਅਤੇ ਬਲਬੀਰ ਸਿੰਘ ਰਾਜੇਵਾਲ ਸਮੇਤ ਸਾਰੇ ਆਗੂ ਆਪਸੀ ਗੱਲਬਾਤ ਕਰਨ ਲਈ ਬਾਹਰ ਚਲੇ ਗਏ, ਪਰ ਜੋਗਿੰਦਰ ਸਿੰਘ ਉਗਰਾਹਾਂ ਉੱਥੇ ਹੀ ਬੈਠੇ ਰਹੇ। ਮੈਂ ਉਗਰਾਹਾਂ ਨੂੰ ਪੁੱਛਿਆ ਕਿ ਉਹ ਕਿਉਂ ਨਹੀਂ ਗਏ ਤਾਂ ਉਨ੍ਹਾਂ ਕਿਹਾ ਕਿ ਉਸ ਦੇ ਉਨ੍ਹਾਂ ਨਾਲ ਮੱਤਭੇਦ ਹਨ, ਪਰ ਇਸ ਵੱਡੇ ਮੁੱਦੇ ’ਤੇ ਇਕੱਠੇ ਹਨ।’’
ਜਾਖੜ ਨੇ ਕਿਹਾ, ‘‘ਮੇਰਾ ਤੁਹਾਨੂੰ ਇਹ ਸਾਰਾ ਕੁੱਝ ਦੱਸਣ ਦਾ ਮੰਤਵ ਇਹੀ ਹੈ ਕਿ ਜਦੋਂ ਵੱਖ-ਵੱਖ ਵਿਚਾਰਾਂ ਵਾਲੀਆਂ 32 ਕਿਸਾਨ ਯੂਨੀਅਨਾਂ ਵੱਡੇ ਮਕਸਦ ਲਈ ਇਕੱਠੀਆਂ ਹੋ ਸਕਦੀਆਂ ਤਾਂ ਫਿਰ ਅਸੀਂ ਦੋ ਕਿਉਂ ਨਹੀਂ ਹੋ ਸਕਦੇ।’’ ਜਾਖੜ ਨੇ ਸਿੱਧੂ ਅਤੇ ਚੰਨੀ ਦਰਮਿਆਨ ਚੱਲ ਰਹੀ ਖਿੱਚੋਤਾਣ ਅਤੇ ਉਨ੍ਹਾਂ ਨੂੰ ਇਕੱਠੇ ਕਰਨ ਵਿੱਚ ਪਾਰਟੀ ਨੂੰ ਆ ਰਹੀ ਮੁਸ਼ਕਲ ਵੱਲ ਸਪਸ਼ਟ ਇਸ਼ਾਰਾ ਕੀਤਾ। ਉਨ੍ਹਾਂ ਕਿਹਾ, ‘‘ਮੈਨੂੰ ਉਮੀਦ ਹੈ ਕਿ ਹਾਈਕਮਾਂਡ ਮਹਿਸੂਸ ਕਰਦੀ ਹੈ ਕਿ ਦਿੱਲੀ ਵਿੱਚ ਸਰਕਾਰ ਤਾਂ ਹੀ ਬਣਾ ਸਕੇਗੀ, ਜੇ ਪਹਿਲਾਂ ਪੰਜਾਬ ਵਿੱਚ ਸਰਕਾਰ ਬਣਾਉਣ ਦੇ ਯੋਗ ਹੋਵਾਂਗੇ।’’