ਮੇਹਰ ਸਿੰਘ
ਕੁਰਾਲੀ, 12 ਜੂਨ
ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਸੁਨੀਲ ਜਾਖੜ ਨੇ ਕਿਹਾ ਹੈ ਕਿ ਉਹ ਪਾਰਟੀ ਦੀ ਇਕਜੁੱਟਤਾ ਅਤੇ ਮਜ਼ਬੂਤੀ ਲਈ ਪ੍ਰਧਾਨਗੀ ਦੇ ਅਹੁਦੇ ਸਮੇਤ ਹਰ ਕੁਰਬਾਨੀ ਦੇਣ ਲਈ ਤਿਆਰ ਹਨ। ਇੱਥੇ ਇੱਕ ਸਮਾਗਮ ਵਿੱਚ ਸ਼ਿਰਕਤ ਕਰਨ ਲਈ ਪੁੱਜੇ ਸੁਨੀਲ ਜਾਖੜ ਨੇ ਕਿਹਾ ਕਿ ਉਹ ਪਾਰਟੀ ਦੀ ਇਕਜੁੱਟਤਾ ਵਿੱਚ ਰੋੜਾ ਨਹੀਂ ਬਣਨਗੇ, ਸਗੋਂ ਆਪਣਾ ਅਹੁਦਾ ਛੱਡਣ ਲਈ ਤਿਆਰ ਹਨ। ਪਾਰਟੀ ਹਾਈਕਮਾਂਡ ਵੱਲੋਂ ਪੰਜਾਬ ਕਾਂਗਰਸ ਵਿੱਚ ਚਲੀ ਆ ਰਹੀ ਖਿੱਚੋਤਾਣ ਨੂੰ ਖਤਮ ਕਰਨ ਲਈ ਬਣਾਈ ਤਿੰਨ ਮੈਂਬਰੀ ਕਮੇਟੀ ਸਬੰਧੀ ਸ੍ਰੀ ਜਾਖੜ ਨੇ ਕਿਹਾ ਕਿ ਪਾਰਟੀ ਆਗੂਆਂ ਦੇ ਸ਼ੰਕੇ ਦੂਰ ਕਰਨੇ ਜ਼ਰੂਰੀ ਹਨ ਅਤੇ ਇਸ ਮਨੋਰਥ ਲਈ ਹੀ ਕਮੇਟੀ ਦਾ ਗਠਨ ਕੀਤਾ ਗਿਆ ਹੈ। ਇੱਕ ਸਵਾਲ ਦੇ ਜਵਾਬ ਵਿੱਚ ਸ੍ਰੀ ਜਾਖੜ ਨੇ ਕਿਹਾ ਕਿ ਪਾਰਟੀ ਦੇ ਪੰਜਾਬ ਵਿੱਚ ਅਗਲੇ ਚਿਹਰੇ ਸਬੰਧੀ ਫ਼ੈਸਲਾ ਵੀ ਤਿੰਨ ਮੈਂਬਰੀ ਕਮੇਟੀ ਅਤੇ ਪਾਰਟੀ ਹਾਈਕਮਾਂਡ ਹੀ ਕਰੇਗੀ। ਉਨ੍ਹਾਂ ਕਿਹਾ ਕਿ ਪਾਰਟੀ ਦੀ ਅੰਦਰੂਨੀ ਖਿੱਚੋਤਾਣ ਨੂੰ ਛੇਤੀ ਹੀ ਖਤਮ ਕਰ ਲਿਆ ਜਾਵੇਗਾ ਅਤੇ ਪੰਜਾਬ ਕਾਂਗਰਸ ਵਿਧਾਨ ਸਭਾ ਚੋਣਾਂ ਵਿੱਚ ਮਜ਼ਬੂਤ ਹੋ ਕੇ ਨਿੱਤਰੇਗੀ। ਪੋਸਟ ਮੈਟਰਿਕ ਸਕਾਲਰਸ਼ਿਪ ਘਪਲੇ ਲਈ ਵੀ ਕੇਂਦਰ ਸਰਕਾਰ ਨੂੰ ਜ਼ਿੰਮੇਵਾਰ ਦੱਸਦਿਆਂ ਸ੍ਰੀ ਜਾਖੜ ਨੇ ਕਿਹਾ ਕਿ ਇਸ ਸਕਾਲਸ਼ਿੱਪ ਤੋਂ ਵੀ ਕੇਂਦਰ ਸਰਕਾਰ ਨੇ ਆਪਣਾ ਹਿੱਸਾ ਘਟਾ ਕੇ ਹੱਥ ਪਿੱਛੇ ਖਿੱਚਿਆ ਹੈ।