ਚੰਡੀਗੜ੍ਹ (ਟਨਸ): ਪੰਜਾਬ ਕਾਂਗਰਸ ਦੇ ਸਾਬਕਾ ਪ੍ਰਧਾਨ ਸੁਨੀਲ ਜਾਖੜ ਨੇ ਆਖ਼ਰੀ ਮੌਕੇ ’ਤੇ ਸਿਆਸੀ ਵਡੱਪਣ ਦਿਖਾਉਂਦਿਆਂ ਉਦੈਪੁਰ ’ਚ ਪਾਰਟੀ ਦੇ ਚਿੰਤਨ ਸ਼ਿਵਿਰ ਨੂੰ ਲੈ ਕੇ ਕਿਸੇ ਤਰ੍ਹਾਂ ਦਾ ਕੋਈ ਸਿਆਸੀ ਹੱਲਾ ਬੋਲਣ ਤੋਂ ਗੁਰੇਜ਼ ਕੀਤਾ ਹੈ। ਉਨ੍ਹਾਂ ਉਦੈਪੁਰ ’ਚ ਪ੍ਰੈੱਸ ਕਾਨਫ਼ਰੰਸ ਦਾ ਪ੍ਰੋਗਰਾਮ ਬਣਾਇਆ ਸੀ। ਸਿਆਸੀ ਕਾਰਨ ਕੋਈ ਵੀ ਰਹੇ ਹੋਣ ਪ੍ਰੰਤੂ ਜਾਖੜ ਨੇ ਆਖ਼ਰੀ ਮੌਕੇ ’ਤੇ ਹਵਾਈ ਟਿਕਟਾਂ ਦੀ ਬੁਕਿੰਗ ਰੱਦ ਕਰਵਾ ਦਿੱਤੀ ਹੈ। ਜਾਣਕਾਰ ਦੱਸਦੇ ਹਨ ਕਿ ਸੁਨੀਲ ਜਾਖੜ ਇਹ ਸੋਚ ਰੱਖਦੇ ਹਨ ਕਿ ਜਿਸ ਪਾਰਟੀ ਨਾਲ 50 ਵਰ੍ਹਿਆਂ ਦੀ ਸਾਂਝ ਰਹੀ ਹੈ ਅਤੇ ਪਰਿਵਾਰ ਦਾ ਨਾਤਾ ਰਿਹਾ ਹੈ, ਉਸ ਦੇ ਪ੍ਰੋਗਰਾਮ ਮੌਕੇ ਖ਼ਲਲ ਪਾਉਣਾ ਨੈਤਿਕ ਤੌਰ ’ਤੇ ਸ਼ੋਭਾ ਨਹੀਂ ਦਿੰਦਾ ਹੈ। ਕਾਂਗਰਸ ਹਾਈਕਮਾਨ ਨੇ ਜਾਖੜ ਦੇ ਇਸ ਫ਼ੈਸਲੇ ਨਾਲ ਜ਼ਰੂਰ ਸੁੱਖ ਦਾ ਸਾਹ ਲਿਆ ਹੋਵੇਗਾ। ਉਂਜ ਜਾਖੜ ਸਾਫ਼ ਤੌਰ ’ਤੇ ਕਾਂਗਰਸ ਤੋਂ ਵੱਖ ਹੋਣ ਦਾ ਮਨ ਬਣਾ ਚੁੱਕੇ ਹਨ। ਸਿਆਸੀ ਕਨਸੋਆਂ ਹਨ ਕਿ ਕਾਂਗਰਸ ਹਾਈਕਮਾਨ ਨੇ ਸੁਨੀਲ ਜਾਖੜ ਨੂੰ ਪਾਰਟੀ ਨਾ ਛੱਡਣ ਲਈ ਰਜ਼ਾਮੰਦ ਕੀਤਾ ਹੋਵੇਗਾ ਪ੍ਰੰਤੂ ਉਹ ਇਸ ਵੇਲੇ ਨਵੇਂ ਰਾਹ ਤਲਾਸ਼ ਰਹੇ ਹਨ। ਉਹ ਜਲਦੀ ਆਪਣੇ ਸਿਆਸੀ ਰਾਹਾਂ ਬਾਰੇ ਪੱਤੇ ਖੋਲ੍ਹ ਸਕਦੇ ਹਨ। ਚੇਤੇ ਰਹੇ ਕਿ ਕਾਂਗਰਸ ਹਾਈਕਮਾਨ ਨੇ ਅਨੁਸ਼ਾਸਨੀ ਕਮੇਟੀ ਦੀ ਕਾਰਵਾਈ ਮਗਰੋਂ ਜਾਖੜ ਤੋਂ ਸਾਰੇ ਅਹੁਦੇ ਵਾਪਸ ਲੈ ਲਏ ਸਨ।
ਜਾਖੜ ਨੇ ਚਰਨਜੀਤ ਚੰਨੀ ਦੀ ਮੁੱਖ ਮੰਤਰੀ ਵਜੋਂ ਚੋਣ ਦੇ ਹਵਾਲੇ ਨਾਲ ਕਾਂਗਰਸ ਦੀ ਨਿਰਪੱਖ ਸੋਚ ’ਤੇ ਉਂਗਲ ਚੁੱਕੀ ਸੀ। ਕਾਂਗਰਸ ਦੀ ਅਨੁਸ਼ਾਸਨੀ ਕਮੇਟੀ ਕੋਲ ਸਾਬਕਾ ਪ੍ਰਧਾਨ ਨਵਜੋਤ ਸਿੱਧੂ ਦਾ ਮਾਮਲਾ ਵੀ ਵਿਚਾਰਅਧੀਨ ਪਿਆ ਹੈ। ਪੰਜਾਬ ਦੇ ਸਿਆਸੀ ਹਲਕੇ ਸੁਨੀਲ ਜਾਖੜ ਦੇ ਨਵੇਂ ਪੈਂਤੜੇ ਨੂੰ ਲੈ ਕੇ ਵੀ ਨਜ਼ਰਾਂ ਲਾਈ ਬੈਠੇ ਹਨ। ਭਾਵੇਂ ਇਹ ਅਗਾਊਂ ਅਟਕਲਾਂ ਹੀ ਹਨ ਪ੍ਰੰਤੂ ਸੁਨੀਲ ਜਾਖੜ ਦੀ ਸਿਆਸਤ ਆਮ ਆਦਮੀ ਪਾਰਟੀ ਨਾਲ ਵੀ ਮੇਲ ਖਾ ਰਹੀ ਹੈ। ਜਾਖੜ ਕੁੱਝ ਅਰਸਾ ਪਹਿਲਾਂ ਸਰਗਰਮ ਸਿਆਸਤ ਤੋਂ ਸੰਨਿਆਸ ਲੈਣ ਦੀ ਗੱਲ ਵੀ ਆਖ ਚੁੱਕੇ ਹਨ।