ਸ਼ਗਨ ਕਟਾਰੀਆ
ਜੈਤੋ, 2 ਸਤੰਬਰ
ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਨੇ ਵੱਡੀ ਕਾਰਵਾਈ ਕਰਦਿਆਂ ਜੈਤੋ ਦੀ ਕੀਟਨਾਸ਼ਕ ਅਤੇ ਖਾਦਾਂ ਦੀ ਨਾਮਵਰ ਫਰਮ ਮੈਸਰਜ਼ ਬ੍ਰਿਜ ਲਾਲ ਪ੍ਰਿੰਸ ਕੁਮਾਰ ਦੇ ਖਾਦਾਂ ਅਤੇ ਦਵਾਈਆਂ ਦੇ ਲਾਇਸੈਂਸ ਮੁਅੱਤਲ ਕਰ ਦਿੱਤੇ ਹਨ। ਇਸ ਫ਼ਰਮ ਦੇ ਵਿਕਰੀ ਕੇਂਦਰ ਅਤੇ ਗੁਦਾਮਾਂ ਦੀ ਵਿਭਾਗ ਦੇ ਉਡਣ ਦਸਤੇ ਨੇ ਦੋ ਦਿਨ ਪਹਿਲਾਂ ਜਾਂਚ ਕਰਕੇ ਨਮੂਨੇ ਲਏ ਸਨ। ਜਾਣਕਾਰੀ ਅਨੁਸਾਰ ਜ਼ਿਲ੍ਹਾ ਫ਼ਰੀਦਕੋਟ ਦੇ ਉਡਣ ਦਸਤੇ ਨੇ ਮੁੱਖ ਖੇਤੀਬਾੜੀ ਅਫ਼ਸਰ ਜ਼ਿਲ੍ਹਾ ਫਰੀਦਕੋਟ ਡਾ. ਕਰਨਜੀਤ ਸਿੰਘ ਗਿੱਲ ਦੀ ਅਗਵਾਈ ਵਿੱਚ ਕੀਟਨਾਸ਼ਕ ਅਤੇ ਖਾਦ ਦੇ ਵਿਕਰੇਤਾਵਾਂ ਦੀ ਜਾਂਚ ਕਰ ਕੇ ਸੈਂਪਲ ਲਏ ਸਨ। ਇਸ ਦੌਰਾਨ ਬ੍ਰਿਜ ਲਾਲ ਦੇ ਗੁਦਾਮਾਂ ਦੀ ਪੜਤਾਲ ਦੌਰਾਨ ਪਤਾ ਲੱਗਾ ਕਿ ਨਕਸ਼ਿਆਂ ਅਨੁਸਾਰ ਗੁਦਾਮਾਂ ਦਾ ਕਾਫੀ ਹਿੱਸਾ ਅਣ-ਅਧਿਕਾਰਤ ਹੈ। ਉਡਣ ਦਸਤੇ ਨੇ ਇਸ ਵਿਚ ਪਈਆਂ ਖਾਦਾਂ ਤੇ ਦਵਾਈਆਂ ਦਾ ਸਟਾਕ ਨੋਟ ਕਰਕੇ ਇਸ ਦੀ ਵਿਕਰੀ ਮੌਕੇ ’ਤੇ ਹੀ ਬੰਦ ਕਰਵਾ ਦਿੱਤੀ। ਇਥੇ ਖਾਦਾਂ ਅਤੇ ਦਵਾਈਆਂ ਦੇ ਬਹੁਤੇ ਉਤਪਾਦ ਬਿਨਾਂ ਅਧਿਕਾਰ-ਪੱਤਰ ਦਰਜ ਕਰਵਾਏ ਵੇਚੇ ਜਾ ਰਹੇ ਸਨ ਅਤੇ ਸਟਾਕ ਰਜਿਸਟਰ ਵੀ ਮੁਕੰਮਲ ਨਹੀਂ ਕੀਤੇ ਗਏ ਸਨ ਜਿਨ੍ਹਾਂ ਨੂੰ ਵਿਭਾਗ ਨੇ ਆਪਣੇ ਕਬਜ਼ੇ ਵਿਚ ਲੈ ਲਿਆ ਹੈ। ਫਰਮ ਵੱਲੋਂ ਕਿਸਾਨਾਂ ਨੂੰ ਅਜਿਹੇ ਕੰਪਿਊਟਰਾਈਜ਼ਡ ਬਿੱਲ ਦਿੱਤੇ ਜਾ ਰਹੇ ਸਨ, ਜਿਨ੍ਹਾਂ ਦੀ ਵਿਭਾਗ ਵੱਲੋਂ ਕੋਈ ਪ੍ਰਵਾਨਗੀ ਨਹੀਂ ਦਿੱਤੀ ਗਈ ਸੀ। ਇਥੋਂ ਦਾ ਰਿਕਾਰਡ ਅਤੇ ਮੌਜੂਦਾ ਸਟਾਕ ਵੀ ਆਪਸ ਵਿਚ ਮੇਲ ਨਹੀਂ ਖਾਂਦੇ ਸਨ। ਫਰਮ ਵਲੋਂ ਬਿੱਲਾਂ ’ਤੇ ਕਿਸੇ ਕਿਸਾਨ ਦੇ ਦਸਤਖ਼ਤ ਨਹੀਂ ਕਰਵਾਏ ਗਏ ਅਤੇ ਵਿਭਾਗ ਨੂੰ ਕੋਈ ਮਹੀਨਾਵਾਰ ਰਿਪੋਰਟ ਵੀ ਨਹੀਂ ਭੇਜੀ ਗਈ। ਇਸ ਕਾਰਨ ਵਿਭਾਗ ਨੇ ਮੈਸਰਜ਼ ਬ੍ਰਿਜ ਲਾਲ ਪ੍ਰਿੰਸ ਕੁਮਾਰ ਦਾ ਖਾਦ ਕੰਟਰੋਲ ਹੁਕਮ 1985 ਤਹਿਤ ਖਾਦਾਂ ਦਾ ਲਾਇਸੈਂਸ 21 ਦਿਨ ਲਈ ਤੇ ਇਨਸੈਕਟੀਸਾਈਡਜ਼ ਐਕਟ 1968 ਤਹਿਤ ਦਵਾਈਆਂ ਦਾ ਲਾਇਸੈਂਸ 30 ਦਿਨਾਂ ਲਈ ਮੁਅੱਤਲ ਕਰ ਦਿੱਤਾ ਹੈ। ਟੀਮ ਨੇ ਇਸ ਫਰਮ ਦੇ ਖਾਦਾਂ ਦੇ ਤਿੰਨ ਸੈਂਪਲ ਤੇ ਦਵਾਈਆਂ ਦਾ ਇੱਕ ਸੈਂਪਲ ਭਰਿਆ, ਜਿਨ੍ਹਾਂ ਨੂੰ ਟੈਸਟ ਕਰਵਾਉਣ ਲਈ ਲੈਬਾਰਟਰੀਆਂ ਕੋਲ ਭੇਜ ਦਿੱਤਾ ਸੀ। ਦੱਸਣਾ ਬਣਦਾ ਹੈ ਕਿ ਇਸ ਡੀਲਰ ਖ਼ਿਲਾਫ਼ ਭਾਰਤੀ ਕਿਸਾਨ ਯੂਨੀਅਨ (ਸਿੱਧੂਪੁਰ) ਨੇ ਮੋਰਚਾ ਵੀ ਖੋਲ੍ਹਿਆ ਹੋਇਆ ਸੀ।