ਸੰਜੀਵ ਹਾਂਡਾ
ਫ਼ਿਰੋਜ਼ਪੁਰ, 21 ਜੂਨ
ਗੈਂਗਸਟਰ ਜੈਪਾਲ ਭੁੱਲਰ ਦਾ ਦੁਬਾਰਾ ਪੋਸਟਮਾਰਟਮ ਹੁਣ ਪੀਜੀਆਈ ਚੰਡੀਗੜ੍ਹ ਵਿਚ ਹੋਵੇਗਾ। ਦੁਬਾਰਾ ਪੋਸਟਮਾਰਟਮ ਕਰਵਾਉਣ ਦੇ ਹੁਕਮ ਅੱਜ ਪੰਜਾਬ ਤੇ ਹਰਿਆਣਾ ਹਾਈ ਕੋਰਟ ਨੇ ਦਿੱਤੇ ਹਨ। ਜੈਪਾਲ ਦਾ ਪਰਿਵਾਰ ਆਪਣੇ ਪੁੱਤਰ ਦੀ ਦੁਬਾਰਾ ਪੋਸਟਮਾਰਟਮ ਕਰਵਾਉਣ ਦੀ ਮੰਗ ਸਬੰਧੀ ਹਾਈ ਕੋਰਟ ਗਿਆ ਸੀ। ਪਹਿਲਾਂ ਹਾਈ ਕੋਰਟ ਨੇ ਦੁਬਾਰਾ ਪੋਸਟਮਾਰਟਮ ਕਰਵਾਉਣ ਤੋਂ ਨਾਂਹ ਕਰ ਦਿੱਤੀ ਸੀ ਪਰ ਬਾਅਦ ਵਿੱਚ ਸੁਪਰੀਮ ਕੋਰਟ ਦੇ ਹੁਕਮਾਂ ’ਤੇ ਇਸ ਮਾਮਲੇ ਦੀ ਹਾਈ ਕੋਰਟ ਵਿੱਚ ਦੁਬਾਰਾ ਸੁਣਵਾਈ ਕੀਤੀ ਗਈ। ਇਸ ਤਹਿਤ ਹਾਈ ਕੋਰਟ ਨੇ ਅੱਜ ਜੈਪਾਲ ਦਾ ਪੋਸਟਮਾਰਟਮ ਦੁਬਾਰਾ ਕਰਵਾਉਣ ਦੇ ਹੁਕਮ ਜਾਰੀ ਕੀਤੇ ਹਨ। ਜੈਪਾਲ ਦਾ ਪਰਿਵਾਰ ਮੰਗਲਵਾਰ ਤੜਕਸਾਰ ਆਪਣੇ ਪੁੱਤਰ ਦੀ ਮ੍ਰਿਤਕ ਦੇਹ ਲੈ ਕੇ ਪੀਜੀਆਈ ਰਵਾਨਾ ਹੋਵੇਗਾ। ਪੋਸਟਮਾਰਟਮ ਤੋਂ ਬਾਅਦ ਜੈਪਾਲ ਦਾ ਸਸਕਾਰ ਫ਼ਿਰੋਜ਼ਪੁਰ ਵਿੱਚ ਹੀ ਕੀਤਾ ਜਾਵੇਗਾ। ਜੈਪਾਲ ਦੇ ਪਿਤਾ ਭੁਪਿੰਦਰ ਸਿੰਘ ਦਾ ਦੋਸ਼ ਹੈ ਕਿ ਕੋਲਕਾਤਾ ਵਿੱਚ ਹੋਏ ਪੁਲੀਸ ਮੁਕਾਬਲੇ ਤੋਂ ਪਹਿਲਾਂ ਪੁਲੀਸ ਨੇ ਜੈਪਾਲ ਦੀ ਕੁੱਟਮਾਰ ਕੀਤੀ ਤੇ ਬਾਅਦ ਵਿੱਚ ਉਸ ਨੂੰ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ। ਪਿਤਾ ਦੇ ਦੱਸਣ ਮੁਤਾਬਕ ਜੈਪਾਲ ਨੂੰ ਜਦੋਂ ਸਸਕਾਰ ਤੋਂ ਪਹਿਲਾਂ ਉਹ ਨੁਹਾਉਣ ਲੱਗੇ ਤਾਂ ਉਸ ਦੀ ਇੱਕ ਬਾਂਹ ਤੇ ਪਸਲੀਆਂ ਟੁੱਟੀਆਂ ਹੋਈਆਂ ਸਨ। ਉਸ ਦੇ ਸਰੀਰ ’ਤੇ ਸੱਟਾਂ ਦੇ ਹੋਰ ਕਈ ਨਿਸ਼ਾਨ ਵੀ ਮਿਲੇ, ਜੋ ਮੁਕਾਬਲੇ ਤੋਂ ਪਹਿਲਾਂ ਹੋਏ ਪੁਲੀਸ ਤਸ਼ੱਦਦ ਦੀ ਗਵਾਹੀ ਭਰਦੇ ਹਨ। ਹੁਣ ਜੇ ਪੀਜੀਆਈ ਦੀ ਰਿਪੋਰਟ ਵਿੱਚ ਇਹ ਦੋਸ਼ ਸੱਚ ਸਾਬਤ ਹੋ ਜਾਂਦੇ ਹਨ ਤਾਂ ਇਸ ਵਿੱਚ ਕਈ ਪੁਲੀਸ ਅਧਿਕਾਰੀ ਫਸ ਸਕਦੇ ਹਨ।