ਚਰਨਜੀਤ ਭੁੱਲਰ
ਚੰਡੀਗੜ੍ਹ, 9 ਸਤੰਬਰ
ਪੰਜਾਬ ਸਰਕਾਰ ਜੇਲ੍ਹ ਭਰੋ ਅੰਦੋਲਨ ਦੇ ਤੀਸਰੇ ਦਿਨ ਵੀ ਕਿਸਾਨਾਂ ਨੂੰ ਗ੍ਰਿਫ਼ਤਾਰ ਕਰਨ ਤੋਂ ਭੱਜ ਗਈ ਹੈ ਜਿਸ ਦੇ ਸਿੱਟੇ ਵਜੋਂ ਅੱਜ ਰੋਹ ਵਿੱਚ ਆਏ ਕਿਸਾਨਾਂ ਨੇ ਸਰਕਾਰ ਨੂੰ ਚੁਣੌਤੀ ਦਿੱਤੀ ਕਿ ਊਨ੍ਹਾਂ ਨੂੰ ਗ੍ਰਿਫ਼ਤਾਰ ਕੀਤਾ ਜਾਵੇ। ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦੀ ਅਗਵਾਈ ਵਿਚ ਪੰਜਾਬ ਦੇ ਨੌਂ ਜ਼ਿਲ੍ਹਿਆਂ ਦੇ ਡਿਪਟੀ ਕਮਿਸ਼ਨਰਾਂ ਦੇ ਦਫ਼ਤਰਾਂ ਅੱਗੇ ਅੱਜ ਤੀਜੇ ਦਿਨ ਵੀ ਸੰਘਰਸ਼ੀ ਨਾਅਰੇ ਗੂੰਜਦੇ ਰਹੇ।
ਤੀਸਰੇ ਦਿਨ ਵੀ ਕਿਸਾਨਾਂ ਨੇ ਅੱਜ ਗ੍ਰਿਫ਼ਤਾਰੀਆਂ ਦੇਣ ਲਈ ਗਲ਼ਾਂ ਵਿਚ ਹਾਰ ਪਾ ਕੇ ਪੇਸ਼ ਕੀਤਾ ਪ੍ਰੰਤੂ ਪੁਲੀਸ ਨੇ ਕਿਸੇ ਵੀ ਕਿਸਾਨ ਨੂੰ ਗ੍ਰਿਫ਼ਤਾਰ ਨਹੀਂ ਕੀਤਾ। ਸੰਘਰਸ਼ ਕਮੇਟੀ ਦੇ ਪ੍ਰਧਾਨ ਸਤਿਨਾਮ ਸਿੰਘ ਪੰਨੂ ਅਤੇ ਜਨਰਲ ਸਕੱਤਰ ਸਰਵਣ ਸਿੰਘ ਨੇ ਅੱਜ ਕਿਹਾ ਕਿ ਸਰਕਾਰ ਅੰਦੋਲਨਕਾਰੀ ਕਿਸਾਨਾਂ ਗ੍ਰਿਫ਼ਤਾਰ ਕਰਕੇ ਰੱਖਣ ਲਈ ਆਰਜ਼ੀ ਜੇਲ੍ਹਾਂ ਬਣਾਏ। ਪੰਜਾਬ ਸਰਕਾਰ ਅਤੇ ਕੇਂਦਰ ਸਰਕਾਰ ਸਟੇਡੀਅਮਾਂ ਅਤੇ ਸਕੂਲਾਂ ਨੂੰ ਆਰਜ਼ੀ ਜੇਲ੍ਹਾਂ ਵਿਚ ਤਬਦੀਲ ਕਰਕੇ ਕਿਸਾਨਾਂ ਨੂੰ ਗ੍ਰਿਫ਼ਤਾਰ ਕਰੇ। ਅੱਜ ਦੇ ਮੁਜ਼ਾਹਰਿਆਂ ਵਿੱਚ ਵੀ ਔਰਤਾਂ ਦੀ ਗਿਣਤੀ ਵੇਖਣ ਨੂੰ ਮਿਲੀ। ਕਿਸਾਨਾਂ ਨੇ ਫਾਜ਼ਿਲਕਾ ਪੁਲੀਸ ਵੱਲੋਂ ਦਰਜ ਕੀਤੇ ਪੁਲੀਸ ਕੇਸ ਰੱਦ ਕਰਨ ਦੀ ਮੰਗ ਵੀ ਰੱਖੀ।
ਕਿਸਾਨ ਆਗੂ ਸੁਖਵਿੰਦਰ ਸਭਰਾ, ਜਸਬੀਰ ਸਿੰਘ ਪਿੱਦੀ, ਗੁਰਪ੍ਰੀਤ ਖਾਨਪੁਰ,ਸਲਵਿੰਦਰ ਸਿੰਘ,ਇੰਦਰਜੀਤ ਸਿੰਘ,ਲਖਵਿੰਦਰ ਸਿੰਘ, ਵਰਿਆਮ ਨੰਗਲ, ਕੁਲਦੀਪ ਸਿੰਘ ਟਾਹਲੀ, ਸਰਵਣ ਸਿੰਘ, ਸੁਰਿੰਦਰ ਸਿੰਘ ਜਲਾਲਾਬਾਦ, ਰਣਜੀਤ ਸਿੰਘ ਮੋਗਾ ਅਤੇ ਗੁਰਬਖਸ਼ ਸਿੰਘ ਪੰਜਗਰਾਈ ਨੇ ਵੱਖ ਵੱਖ ਜ਼ਿਲ੍ਹਿਆਂ ਦੇ ਮੋਰਚਿਆਂ ਵਿਚ ਕਿਸਾਨ ਇਕੱਠਾਂ ਨੂੰ ਸੰਬੋਧਨ ਕੀਤਾ। ਆਗੂਆਂ ਨੇ ਕੇਂਦਰ ਸਰਕਾਰ ਨੇ ਨਾਅਰੇਬਾਜ਼ੀ ਕੀਤੀ।
ਕਿਸਾਨ ਮੰਗ ਕਰ ਰਹੇ ਹਨ ਕਿ ਕੇਂਦਰ ਸਰਕਾਰ ਖੇਤੀ ਆਰਡੀਨੈਂਸ ਅਤੇ ਬਿਜਲੀ ਸੋਧ ਬਿੱਲ ਨੂੰ ਰੱਦ ਕਰੇ। ਡਾ.ਸਵਾਮੀਨਾਥਨ ਕਮਿਸ਼ਨ ਦੀ ਰਿਪੋਰਟ ਲਾਗੂ ਕਰੇ ਅਤੇ ਕਿਸਾਨਾਂ ਮਜ਼ਦੂਰਾਂ ਦਾ ਸਮੁੱਚਾ ਕਰਜ਼ਾ ਮੁਆਫ਼ ਕੀਤਾ। ਮਜ਼ਦੂਰਾਂ ਦੇ ਘਰਾਂ ’ਤੇ ਛਾਪੇ ਮਾਰਨੇ ਬੰਦ ਕੀਤੇ ਜਾਣ। ਦੱਸਣਯੋਗ ਹੈ ਕਿ ਫਾਜ਼ਿਲਕਾ ਪੁਲੀਸ ਨੇ ਦਰਜਨ ਕਿਸਾਨ ਆਗੂਆਂ ’ਤੇ ਪਹਿਲੇ ਦਿਨ ਹੀ ਧਾਰਾ 188 ਤਹਿਤ ਮੁਕੱਦਮਾ ਦਰਜ ਕਰ ਦਿੱਤਾ ਸੀ। ਪੰਜਾਬ ਸਰਕਾਰ ਕਿਸਾਨਾਂ ਖ਼ਿਲਾਫ਼ ਸਖ਼ਤੀ ਕਰਨ ਦੇ ਮੂਡ ਵਿਚ ਨਹੀਂ ਹੈ ਕਿਉਂਕਿ ਕਿਸਾਨਾਂ ਦੇ ਨਾਅਰੇ ਕੇਂਦਰ ਵੱਲ ਸੇਧਿਤ ਹਨ ਜਿਸ ਕਰਕੇ ਸਰਕਾਰ ਨਰਮੀ ਵਰਤ ਰਹੀ ਹੈ। ਪਿੰਡਾਂ ਵਿਚ ਕਿਸਾਨ ਮੋਰਚਿਆਂ ਵਿਚ ਲੰਗਰ ਅਤੇ ਰਾਸ਼ਨ ਪਾਣੀ ਪੁੱਜ ਰਿਹਾ ਹੈ।
ਪੁਲੀਸ ਕੇਸ ਰੋਹ ਪ੍ਰਚੰਡ ਕਰਨਗੇ: ਉਗਰਾਹਾਂ
ਭਾਰਤੀ ਕਿਸਾਨ ਯੂਨੀਅਨ (ਉਗਰਾਹਾਂ) ਦੇ ਸੂਬਾ ਪ੍ਰਧਾਨ ਜੋਗਿੰਦਰ ਸਿੰਘ ਉਗਰਾਹਾਂ ਅਤੇ ਜਨਰਲ ਸਕੱਤਰ ਸੁਖਦੇਵ ਸਿੰਘ ਕੋਕਰੀ ਕਲਾਂ ਨੇ ਅੱਜ ਜਾਰੀ ਬਿਆਨ ਵਿਚ ਆਖਿਆ ਕਿ ਪੰਜਾਬ ਸਰਕਾਰ ਜੇਲ੍ਹ ਭਰੋ ਅੰਦੋਲਨ ਵਿਚ ਕੁੱਦੇ ਕਿਸਾਨਾਂ ’ਤੇ ਦਰਜ ਪੁਲੀਸ ਕੇਸ ਫੌਰੀ ਰੱਦ ਕਰੇ। ਪਰਚਿਆਂ ਦੀ ਨਿੰਦਾ ਕਰਦੇ ਹੋਏ ਆਗੂਆਂ ਨੇ ਕਿਹਾ ਕਿ ਕਰੋਨਾ ਦੀ ਆੜ ਵਿਚ ਸਰਕਾਰੀ ਜਬਰ ਜਾਰੀ ਹੈ। ਉਨ੍ਹਾਂ ਕਿਹਾ ਕਿ ਅਜਿਹੇ ਕੇਸ ਕਿਸਾਨਾਂ ਦੇ ਹੌਸਲੇ ਪਸਤ ਕਰਨ ਦੀ ਥਾਂ ਰੋਹ ਪ੍ਰਚੰਡ ਕਰਨ ਦਾ ਸਬੱਬ ਬਣਨਗੇ। ਉਨ੍ਹਾਂ ਇਹ ਵੀ ਦੱਸਿਆ ਕਿ 15 ਮਾਰਚ ਤੋਂ 20 ਮਾਰਚ ਤੱਕ ਪਿੰਡ ਬਾਦਲ ਅਤੇ ਪਟਿਆਲਾ ਵਿਚ ਕਿਸਾਨ ਮੋਰਚਾ ਲੱਗੇਗਾ ਜਿਸ ਵਿਚ ਕਿਸਾਨ ਪਰਿਵਾਰਾਂ ਸਮੇਤ ਰਾਸ਼ਨ ਲੈ ਕੇ ਪੁੱਜਣਗੇ।