ਜਤਿੰਦਰ ਸਿੰਘ ਬਾਵਾ
ਸ੍ਰੀ ਗੋਇੰਦਵਾਲ ਸਾਹਿਬ, 13 ਅਕਤੂਬਰ
ਕੇਂਦਰੀ ਜੇਲ੍ਹ ਗੋਇੰਦਵਾਲ ਸਾਹਿਬ ਵਿੱਚ ਚੱਲ ਰਹੇ ਡਰੱਗ ਰੈਕੇਟ ਦਾ ਐਸਟੀਐਫ ਅੰਮ੍ਰਿਤਸਰ ਨੇ ਪਰਦਾ ਫਾਸ਼ ਕੀਤਾ ਹੈ, ਜਿਸ ਦੇ ਚੱਲਦਿਆਂ ਗੋਇੰਦਵਾਲ ਜੇਲ੍ਹ ਵਿੱਚ ਤਾਇਨਾਤ ਸਹਾਇਕ ਸੁਪਰਡੈਂਟ ਨੂੰ ਬੀਤੀ ਦੇਰ ਰਾਤ ਐਸਟੀਐਫ ਦੀ ਟੀਮ ਨੇ ਗ੍ਰਿਫਤਾਰ ਕਰ ਲਿਆ ਹੈ। ਜੇਲ੍ਹ ਵਿੱਚ ਵੱਡੇ ਪੱਧਰ ਤੇ ਹੋ ਰਹੀ ਨਸ਼ਿਆਂ ਦੀ ਸਪਲਾਈ ਨਾਲ ਜੁੜੇ ਜੇਲ੍ਹ ਦੇ ਸਹਾਇਕ ਸੁਪਰਡੈਂਟ ਸਮੇਤ ਐਸਟੀਐਫ ਨੇ 6 ਵਿਅਕਤੀਆਂ ਨੂੰ ਕਾਬੂ ਕੀਤਾ ਹੈ, ਜੋ ਜੇਲ੍ਹ ਵਿੱਚ ਕਥਿਤ ਤੌਰ ’ਤੇ ਸਹਾਇਕ ਸੁਪਰਡੈਂਟ ਬਲਬੀਰ ਸਿੰਘ ਰਾਹੀ ਵੱਡੇ ਪੱਧਰ ਤੇ ਡਰੱਗ ਰੈਕੇਟ ਚਲਾ ਰਹੇ ਸਨ। ਐਸਟੀਐਫ ਦੇ ਡੀਐਸਪੀ ਵਾਵਿੰਦਰ ਮਹਾਜਨ ਨੇ ਦੱਸਿਆ ਕਿ ਐਸਟੀਐਫ ਅੰਮ੍ਰਿਤਸਰ ਵਿਖੇ 233 ਨੰਬਰ ਮੁਕੱਦਮੇ ਵਿੱਚ ਨਾਮਜ਼ਦ ਸਹਾਇਕ ਸੁਪਰਡੈਂਟ ਬਲਬੀਰ ਸਿੰਘ ਸਮੇਤ ਕੁੱਲ 6 ਮੁਲਜ਼ਮਾਂ ਨੂੰ ਕਾਬੂ ਕੀਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਸਹਾਇਕ ਸੁਪਰਡੈਂਟ ਜੇਲ੍ਹ ਵਿੱਚ ਸੰਗੀਨ ਅਪਰਾਧਾਂ ਵਿੱਚ ਬੰਦ ਕੈਦੀਆਂ ਨਾਲ ਮਿਲ ਕੇ ਮੋਬਾਈਲ ਫੋਨ ਰਾਹੀ ਡਰੱਗ ਰੈਕੇਟ ਚਲਾ ਰਿਹਾ ਸੀ। ਉਹ ਜੇਲ੍ਹ ਵਿੱਚ ਕੈਦੀਆਂ ਨੂੰ ਨਸ਼ਾ ਅਤੇ ਮੋਬਾਈਲ ਫੋਨ ਉਪਲੱਬਧ ਕਰਵਾਉਣ ਦਾ ਮੁੱਖ ਸੂਤਰਧਾਰ ਸੀ।