ਚਰਨਜੀਤ ਸਿੰਘ ਢਿੱਲੋਂ
ਜਗਰਾਉਂ, 16 ਮਈ
ਇੱਥੋਂ ਦੀ ਦਾਣਾ ਮੰਡੀ ਵਿੱਚ ਬੀਤੇ ਦਿਨ ਪੁਲੀਸ ਅਤੇ ਸ਼ਰਾਰਤੀ ਅਨਸਰਾਂ ਵਿਚਾਲੇ ਹੋਈ ਝੜਪ ਦੌਰਾਨ ਮਾਰੇ ਗਏ ਦੋ ਪੁਲੀਸ ਮੁਲਾਜ਼ਮਾਂ ਦੇ ਮਾਮਲੇ ਵਿੱਚ ਪੁਲੀਸ ਨੇ ਚਾਰ ਮੁਲਜ਼ਮਾਂ ਖ਼ਿਲਾਫ਼ ਕੇਸ ਦਰਜ ਕਰ ਕੇ ਉਨ੍ਹਾਂ ਦੀਆਂ ਤਸਵੀਰਾਂ ਵਾਲੇ ਇਸ਼ਤਿਹਾਰ ਜਾਰੀ ਕੀਤੇ ਹਨ। ਘਟਨਾ ਸਬੰਧੀ ਸੋਸ਼ਲ ਮੀਡੀਆ ’ਤੇ ਵਾਇਰਲ ਹੋਈ ਵੀਡੀਓ ਦਾਣਾ ਮੰਡੀ ਮੈਦਾਨ ’ਚ ਕ੍ਰਿਕਟ ਖੇਡ ਰਹੇ ਬੱਚਿਆਂ ਵੱਲੋਂ ਬਣਾਈ ਦੱਸੀ ਜਾ ਰਹੀ ਹੈ। ਵੀਡੀਓ ’ਚ ਦਿਖਾਈ ਦੇ ਰਿਹਾ ਹੈ ਕਿ ਸ਼ੈੱਡ ਹੇਠ ਖੜ੍ਹੇ ਕੈਂਟਰ ਕੋਲ ਏਐੱਸਆਈ ਭਗਵਾਨ ਸਿੰਘ ਦੀ ਲਾਸ਼ ਪਈ ਹੈ। ਉਸ ਦੀ ਪ੍ਰਵਾਹ ਕੀਤੇ ਬਿਨਾਂ ਕੁੱਝ ਲੋਕ ਕੈਂਟਰ ’ਚੋਂ ਲਿਫਾਫੇ ਕੱਢ ਕੇ ਚਿੱਟੇ ਰੰਗ ਦੀ ਕਾਰ ’ਚ ਰੱਖ ਰਹੇ ਹਨ। ਫਿਰ ਉਨਾਂ ’ਚੋਂ ਇੱਕ ਵਿਅਕਤੀ ਭਗਵਾਨ ਸਿੰਘ ਦੀ ਲਾਸ਼ ਕੋਲੋਂ ਕੁੱਝ ਚੁੱਕ ਕੇ ਲਿਆਉਂਦਾ ਦਿਖਾਈ ਦਿੰਦਾ ਹੈ। ਘਟਨਾ ਦੇਖਣ ਵਾਲਿਆਂ ਅਨੁਸਾਰ ਮੁਲਜ਼ਮਾਂ ਨੂੰ ਜਦੋਂ ਪਤਾ ਲੱਗਾ ਕਿ ਬੱਚੇ ਵੀਡੀਓ ਬਣਾ ਰਹੇ ਹਨ ਤਾਂ ਉਨ੍ਹਾਂ ਨੇ ਬੱਚਿਆਂ ਵੱਲ ਵੀ ਗੋਲੀ ਚਲਾਈ, ਜੋ ਇੱਟਾਂ ਦੀ ਬਣਾਈ ਵਿਕਟ ’ਚ ਲੱਗੀ। ਇਸ ਮਗਰੋਂ ਮੁਲਜ਼ਮ ਕੈਂਟਰ ’ਚੋਂ ਸਾਮਾਨ ਕੱਢ ਕੇ ਚਲੇ ਗਏ। ਇਸ ਸਬੰਧੀ ਪੁਲੀਸ ਨੇ ਜੈਪਾਲ ਭੁੱਲਰ ਵਾਸੀ ਫਿਰੋਜ਼ਪੁਰ, ਬਲਜਿੰਦਰ ਸਿੰਘ ਉਰਫ ਬੱਬੀ ਵਾਸੀ ਮਾਹਲਾ ਖੁਰਦ (ਮੋਗਾ), ਜਸਪ੍ਰੀਤ ਸਿੰਘ ਵਾਸੀ ਖਰੜ (ਰੋਪੜ) ਤੇ ਦਰਸ਼ਨ ਸਿੰਘ ਵਾਸੀ ਪਿੰਡ ਸਹੌਲੀ (ਸੁਧਾਰ) ਖ਼ਿਲਾਫ਼ ਕੇਸ ਦਰਜ ਕਰਨ ਮਗਰੋਂ ਉਨ੍ਹਾਂ ਦੀਆਂ ਤਸੀਵਾਰਾਂ ਵਾਲਾ ਇਸ਼ਤਿਹਾਰ ਜਾਰੀ ਕਰ ਦਿੱਤਾ ਹੈ। ਪੁਲੀਸ ਨੇ ਦੱਸਿਆ ਕਿ ਦੋਹਾਂ ਥਾਣੇਦਾਰਾਂ ਦੇ 9 ਐੱਮ.ਐੱਮ. ਦੀ ਇੱਕ-ਇੱਕ ਗੋਲੀ ਲੱਗੀ।
ਮੁਲਜ਼ਮ ਦਰਸ਼ਨ ਸਿੰਘ ਦੇ ਘਰ ਛਾਪਾ
ਗੁਰੂਸਰ ਸੁਧਾਰ (ਸੰਤੋਖ ਗਿੱਲ): ਇੱਥੋਂ ਦੀ ਪੁਲੀਸ ਨੇ ਜਗਰਾਉਂ ਗੋਲੀ ਕਾਂਡ ਦੇ ਚਾਰ ਮੁਲਜ਼ਮਾਂ ’ਚੋਂ ਇੱਕ ਦਰਸ਼ਨ ਸਿੰਘ ਵਾਸੀ ਸਹੌਲੀ ਦੇ ਘਰ ਅੱਜ ਛਾਪਾ ਮਾਰਿਆ ਪਰ ਦਰਸ਼ਨ ਸਿੰਘ ਘਰ ਨਹੀਂ ਮਿਲਿਆ। ਲੁਧਿਆਣਾ (ਦਿਹਾਤੀ) ਦੇ ਪੁਲੀਸ ਕਪਤਾਨ (ਜਾਂਚ) ਬਲਵਿੰਦਰ ਸਿੰਘ ਨੇ ਕਿਹਾ ਕਿ ਪੁਲੀਸ ਦੀਆਂ ਟੀਮਾਂ ਮਾਮਲੇ ਦੀ ਜਾਂਚ ਕਰ ਰਹੀਆਂ ਹਨ। ਜਲਦੀ ਹੀ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰ ਲਿਆ ਜਾਵੇਗਾ। ਜ਼ਿਕਰਯੋਗ ਹੈ ਕਿ ਦਰਸ਼ਨ ਸਿੰਘ ਨੇ 10 ਮਈ 2004 ਨੂੰ ਆਪਣੇ ਹੀ ਪਿੰਡ ਦੇ ਟਰਾਂਸਪੋਰਟ ਕਾਰੋਬਾਰੀ ਜਗਪਾਲ ਸਿੰਘ ਸੰਘੇੜਾ ਉਰਫ਼ ਗੋਰਖਾ ਨੂੰ ਆਪਣੇ ਪਿਤਾ ਦੀ ਮੌਤ ਦਾ ਬਦਲਾ ਲੈਣ ਲਈ ਮਾਰ ਮੁਕਾਇਆ ਸੀ। ਇਸ ਕਤਲ ਕੇਸ ਵਿਚ ਲੰਮੀ ਸਜ਼ਾ ਭੁਗਤਣ ਮਗਰੋਂ 2015 ਵਿਚ ਉਹ ਬਾਹਰ ਆਇਆ ਸੀ।