ਪੱਤਰ ਪ੍ਰੇਰਕ
ਮਾਨਸਾ, 6 ਜੁਲਾਈ
ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਕਤਲ ਮਾਮਲੇ ’ਚ ਗੈਂਗਸਟਰ ਜੱਗੂ ਭਗਵਾਨਪੁਰੀਆ ਨੂੰ ਅੱਜ ਮਾਨਸਾ ਪੁਲੀਸ ਨੇ ਸਿਵਲ ਹਸਪਤਾਲ ਤੋਂ ਡਾਕਟਰੀ ਮੁਆਇਨਾ ਕਰਾਉਣ ਮਗਰੋਂ ਅਦਾਲਤ ਵਿੱਚ ਪੇਸ਼ ਕੀਤਾ, ਜਿਥੋਂ ਉਸ ਦਾ ਮੁੜ ਪੰਜ ਦਿਨਾਂ ਦਾ ਰਿਮਾਂਡ ਹਾਸਲ ਕੀਤਾ ਗਿਆ ਹੈ। ਇਸ ਤੋਂ ਪਹਿਲਾਂ ਮਾਨਸਾ ਪੁਲੀਸ ਉਸ ਨੂੰ ਦਿੱਲੀ ਦੀ ਪਟਿਆਲਾ ਹਾਊਸ ਕੋਰਟ ਤੋਂ ਇੱਕ ਦਿਨ ਦੇ ਟਰਾਂਜ਼ਿਟ ਰਿਮਾਂਡ ਹਾਸਲ ਕਰਕੇ 30 ਜੂਨ ਨੂੰ ਮਾਨਸਾ ਦੀ ਅਦਾਲਤ ਵਿੱਚ ਪੇਸ਼ ਕਰਕੇ 7 ਦਿਨ ਦਾ ਪੁਲੀਸ ਰਿਮਾਂਡ ਹਾਸਲ ਕਰ ਚੁੱਕੀ ਹੈ। ਐੱਸਐੱਸਪੀ ਗੌਰਵ ਤੂਰਾ ਨੇ ਦੱਸਿਆ ਕਿ ਜੱਗੂ ਭਗਵਾਨਪੁਰੀਆ ਨੂੰ ਪੁਲੀਸ ਨੇ ਨਿਰਾ-ਪੁਰਾ ਸ਼ੱਕ ਦੇ ਆਧਾਰ ’ਤੇ ਹੀ ਦਿੱਲੀ ਤੋਂ ਨਹੀਂ ਲਿਆਂਦਾ, ਸਗੋਂ ਮਨਮੋਹਨ ਸਿੰਘ ਮੋਹਣਾ ਨੇ ਮਾਨਸਾ ਪੁਲੀਸ ਕੋਲ ਬਕਾਇਦਾ ਪੁੱਛ-ਪੜਤਾਲ ਦੌਰਾਨ ਜੱਗੂ ਭਗਵਾਨਪੁਰੀਆ ਦਾ ਜ਼ਿਕਰ ਕੀਤਾ ਹੈ। ਉਨ੍ਹਾਂ ਕਿਹਾ ਕਿ ਜੱਗੂ ਭਗਵਾਨਪੁਰੀਆ ਦੇ ਕੈਨੇਡਾ ਬੈਠੇ ਗੋਲਡੀ ਬਰਾੜ ਨਾਲ ਸਬੰਧ ਹਨ ਤੇ ਹੁਣ ਪੁਲੀਸ ਉਸ ਨੂੰ ਤੇ ਗੈਂਗਸਟਰ ਲਾਰੈਂਸ ਬਿਸ਼ਨੋਈ ਨੂੰ ਆਹਮੋ-ਸਾਹਮਣੇ ਬਿਠਾ ਕੇ ਪੁੱਛ-ਪੜਤਾਲ ਕਰੇਗੀ। ਜੱਗੂ ਭਗਵਾਨਪੁਰੀਆ ਨੂੰ ਮਾਨਸਾ ਦੇ ਸੀਆਈਏ ਥਾਣੇ ਵਿੱਚ ਹੀ ਰੱਖਿਆ ਹੋਇਆ ਹੈ।