ਖੇਤਰੀ ਪ੍ਰਤੀਨਿਧ
ਐਸਏਐਸ ਨਗਰ (ਮੁਹਾਲੀ), 17 ਅਕਤੂਬਰ
ਓਕੂ ਦੀ ਵਿਸ਼ੇਸ਼ ਟੀਮ ਨੇ ਮੁਹਾਲੀ ਦੇ ਸੈਕਟਰ-91 ਵਿੱਚ ਜਗਰੋਸ਼ਨ ਸਿੰਘ ਉਰਫ਼ ਰੌਸ਼ਨ ਹੁੰਦਲ ਨਾਂ ਦੇ ਗੈਂਗਸਟਰ ਨੂੰ ਕਾਬੂ ਕੀਤਾ ਹੈ। ਸਬੰਧਤ ਗੈਂਗਸਟਰ ਜੱਗੂ ਭਗਵਾਨਪੁਰੀਆ ਅਤੇ ਲਾਰੈਂਸ ਬਿਸ਼ਨੋਈ ਗਰੋਹਾਂ ਨਾਲ ਸਬੰਧਤ ਦੱਸਿਆ ਜਾ ਰਿਹਾ ਹੈ। ਇੱਕ ਬਿਆਨ ਰਾਹੀਂ ਦਿੱਤੀ ਜਾਣਕਾਰੀ ਅਨੁਸਾਰ ਓਕੂ ਦੇ ਏਆਈਜੀ ਗੁਰਮੀਤ ਸਿੰਘ ਚੌਹਾਨ ਦੇ ਦੇਖ-ਰੇਖ ਹੇਠ ਡੀਐੱਸਪੀ ਵਿਭੋਰ ਕੁਮਾਰ ਤੇ ਏਐੱਸਆਈ ਅਲਦਾਰ ਖਾਨ ਦੀ ਅਗਵਾਈ ਹੇਠਲੀ ਟੀਮ ਨੇ ਸਬੰਧਤ ਗੈਂਗਸਟਰ ਨੂੰ ਕਾਬੂ ਕੀਤਾ ਹੈ। ਪੁਲੀਸ ਅਨੁਸਾਰ ਉਸ ਕੋਲੋਂ ਕਾਨਪੁਰ ਦਾ ਬਣਿਆ ਹੋਇਆ ਇੱਕ ਰਿਵਾਲਵਰ ਅਤੇ ਪੰਦਰਾਂ ਕਾਰਤੂਸ ਵੀ ਬਰਾਮਦ ਹੋਏ ਹਨ। ਗ੍ਰਿਫ਼ਤਾਰ ਕੀਤਾ ਗਿਆ ਗੈਂਗਸਟਰ ਪੰਜਾਬ ਦੇ ਵੱਖ-ਵੱਖ ਜ਼ਿਲ੍ਹਿਆਂ ’ਚ ਲਗਪਗ ਦਸ ਅਪਰਾਧਕ ਮਾਮਲਿਆਂ ਵਿੱਚ ਸ਼ਾਮਲ ਦੱਸਿਆ ਜਾ ਰਿਹਾ ਹੈ। ਬਿਆਨ ਅਨੁਸਾਰ ਪਿਛਲੇ ਦਿਨੀਂ ਅੰਮ੍ਰਿਤਸਰ ਦੇ ਇੱਕ ਨਿੱਜੀ ਹਸਪਤਾਲ ਵਿੱਚ ਇੱਕ ਗੈਂਗਸਟਰ ਰਾਣਾ ਕੰਦੋਵਾਲੀਆ ਉੱਤੇ ਗੋਲੀਆਂ ਚਲਾ ਕੇ ਉਸ ਦਾ ਕਤਲ ਕਰਨ ਦੀ ਘਟਨਾ ਵਿੱਚ ਵੀ ਰੌਸ਼ਨ ਹੁੰਦਲ ਸ਼ਾਮਲ ਸੀ।