ਚੰਡੀਗੜ੍ਹ (ਟ੍ਰਿਬਿਊਨ ਨਿਊਜ਼ ਸਰਵਿਸ): ਪੰਜਾਬ ਦੇ ਰਾਜਪਾਲ ਬਨਵਾਰੀਲਾਲ ਪੁਰੋਹਿਤ ਨੇ ਅੱਜ ਪੰਜਾਬ ਲੋਕ ਸੇਵਾ ਕਮਿਸ਼ਨ (ਪੀ.ਪੀ.ਐੱਸ.ਸੀ.) ਦੇ ਚੇਅਰਮੈਨ ਵਜੋਂ ਜਗਬੰਸ ਸਿੰਘ ਪਵਾਰ ਨੂੰ ਅਹੁਦੇ ਦਾ ਹਲਫ ਦਿਵਾਇਆ। ਨਵੇਂ ਨਿਯੁਕਤ ਚੇਅਰਮੈਨ ਨੇ ਅਹੁਦੇ ਦੇ ਭੇਤ ਗੁਪਤ ਰੱਖਣ ਦੀ ਸਹੁੰ ਚੁੱਕੀ। ਜਗਬੰਸ ਸਿੰਘ ਦਾ ਪਬਲਿਕ ਆਡਿਟ ਦੇ ਖੇਤਰ ਵਿੱਚ 34 ਵਰ੍ਹਿਆਂ ਦਾ ਲੰਮਾ ਤਜਰਬਾ ਹੈ ਜਿਨ੍ਹਾਂ ਨੇ ਲਾਈਨ ਆਡੀਟਰ ਤੋਂ ਨਿਗਰਾਨ ਆਡੀਟਰ ਤੱਕ ਖੇਤਰੀ ਕੰਮ ਕੀਤਾ। ਇਸ ਤੋਂ ਇਲਾਵਾ ਉਨ੍ਹਾਂ ਸੂਬਾ ਸਰਕਾਰਾਂ ਦੇ ਆਡਿਟ ਦਫਤਰਾਂ ਵਿੱਚ ਅਹਿਮ ਅਹੁਦਿਆਂ ਉੱਤੇ ਜ਼ਿੰਮੇਵਾਰੀ ਨਿਭਾਈ ਅਤੇ 31 ਮਾਰਚ, 2021 ਨੂੰ ਕੰਪਟਰੋਲਰ ਆਫ ਆਡਿਟਰ ਜਨਰਲ ਆਫ ਇੰਡੀਆ ਵਿੱਚ ਡਿਪਟੀ ਕੰਪਟਰੋਲਰ ਐਂਡ ਆਡਿਟਰ ਜਨਰਲ ਦੇ ਅਹੁਦੇ ਤੋਂ ਸੇਵਾ ਮੁਕਤ ਹੋਏ। ਇਸ ਮੌਕੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ, ਤ੍ਰਿਪਤ ਰਾਜਿੰਦਰ ਸਿੰਘ ਬਾਜਵਾ, ਮੁੱਖ ਸਕੱਤਰ ਅਨਿਰੁਧ ਤਿਵਾੜੀ, ਮੁੱਖ ਮੰਤਰੀ ਦੇ ਪ੍ਰਮੁੱਖ ਸਕੱਤਰ ਹੁਸਨ ਲਾਲ, ਰਾਜਪਾਲ ਦੇ ਪ੍ਰਮੁੱਖ ਸਕੱਤਰ ਜੇ.ਐਮ. ਬਾਲਾਮੁਰਗਮ ਅਤੇ ਪ੍ਰਮੁੱਖ ਸਕੱਤਰ (ਪ੍ਰਸੋਨਲ) ਵਿਵੇਕ ਪ੍ਰਤਾਪ ਸਿੰਘ ਹਾਜ਼ਰ ਸਨ।