ਬੀਰ ਇੰਦਰ ਸਿੰਘ ਬਨਭੌਰੀ
ਸੁਨਾਮ ਊਧਮ ਸਿੰਘ ਵਾਲਾ, 31 ਜੁਲਾਈ
ਮੁੱਖ ਅੰਸ਼
- ਵਿਦੇਸ਼ ਵਿੱਚ ਪਈਆਂ ਸ਼ਹੀਦ ਦੀਆਂ ਵਸਤਾਂ ਵਾਪਸ ਲਿਆਉਣ ਲਈ ਯਤਨ ਤੇਜ਼ ਕਰਨ ਦਾ ਦਾਅਵਾ
- ਸੁਨਾਮ ਲਈ 22.60 ਕਰੋੜ ਰੁਪਏ ਦੇ ਕਈ ਵਿਕਾਸ ਪ੍ਰਾਜੈਕਟ ਐਲਾਨੇ
ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਅੱਜ ਕਿਹਾ ਕਿ ਭਾਰਤ ਦੇ ਸੁਤੰਤਰਤਾ ਸੰਗਰਾਮ ਦੌਰਾਨ ਅੰਗਰੇਜ਼ਾਂ ਦੇ ਪੱਖ ਵਿੱਚ ਖੜ੍ਹਨ ਵਾਲਿਆਂ ਦੇ ਵਾਰਿਸਾਂ ਵੱਲੋਂ ਸ਼ਹੀਦਾਂ ਉਤੇ ਉਂਗਲ ਚੁੱਕਣ ਮੰਦਭਾਗਾ ਹੈ। ਇਥੇ ਸ਼ਹੀਦ ਊਧਮ ਸਿੰਘ ਦੇ ਸ਼ਹੀਦੀ ਦਿਵਸ ਮੌਕੇ ਰਾਜ ਪੱਧਰੀ ਸਮਾਗਮ ਨੂੰ ਸੰਬੋਧਨ ਕਰਦਿਆਂ ਮੁੱਖ ਮੰਤਰੀ ਨੇ ਸੁਨਾਮ ਲਈ 22.60 ਕਰੋੜ ਰੁਪਏ ਦੇ ਕਈ ਵਿਕਾਸ ਪ੍ਰਾਜੈਕਟਾਂ ਦਾ ਐਲਾਨ ਕੀਤਾ। ਉਨ੍ਹਾਂ ਕਿਹਾ ਕਿ ਸੂਬੇ ’ਤੇ ਵੱਡਾ ਵਿੱਤੀ ਬੋਝ ਹੋਣ ਦੇ ਬਾਵਜੂਦ ਸਰਕਾਰ ਸਾਰੇ ਵਾਅਦੇ ਪੂਰੇ ਕਰੇਗੀ। ਉਨ੍ਹਾਂ ਵਿਦੇਸ਼ਾਂ ਵਿਚ ਪਈਆਂ ਸ਼ਹੀਦ ਊਧਮ ਸਿੰਘ ਦੀਆਂ ਵਸਤਾਂ ਜਲਦੀ ਵਾਪਸ ਲਿਆਉਣ ਲਈ ਯਤਨ ਤੇਜ਼ ਕਰਨ ਦੀ ਵੀ ਗੱਲ ਕਹੀ। ਇਸ ਮੌਕੇ ਸ਼ਹੀਦ ਊਧਮ ਸਿੰਘ ਦੇ ਪਰਿਵਾਰਕ ਮੈਂਬਰਾਂ ਨੂੰ ਸਨਮਾਨਿਤ ਵੀ ਕੀਤਾ ਗਿਆ।
ਮੁੱਖ ਮੰਤਰੀ ਨੇ ਕਿਹਾ ਕਿ ਮਹਾਨ ਸ਼ਹੀਦਾਂ ਦੇ ਯੋਗਦਾਨ ਉੱਤੇ ਕਿਸੇ ਨੂੰ ਵੀ ਉਂਗਲ ਚੁੱਕਣ ਦਾ ਕੋਈ ਹੱਕ ਨਹੀਂ ਹੈ। ਉਨ੍ਹਾਂ ਕਿਹਾ ਕਿ ਸੱਤਾ ਦਾ ਸੁੱਖ ਭੋਗਣ ਲਈ ਸੰਵਿਧਾਨ ਦੀਆਂ ਸਹੁੰਆਂ ਖਾਣ ਵਾਲੇ ਹੀ ਸ਼ਹੀਦਾਂ ਦੇ ਬਲੀਦਾਨ ਉੱਤੇ ਸਵਾਲ ਚੁੱਕ ਰਹੇ ਹਨ। ਉਨ੍ਹਾਂ ਲੋਕਾਂ ਨੂੰ ਚੇਤੇ ਕਰਵਾਇਆ ਕਿ ਜਦੋਂ ਸਾਡੇ ਮਹਾਨ ਕੌਮੀ ਨਾਇਕਾਂ ਤੇ ਸ਼ਹੀਦਾਂ ਨੇ ਅੱਤਿਆਚਾਰੀ ਬਰਤਾਨਵੀ ਸ਼ਾਸਨ ਵਿਰੁੱਧ ਜੰਗ ਛੇੜੀ ਹੋਈ ਸੀ, ਉਦੋਂ ਕੁਝ ਗ਼ੱਦਾਰ ਸਾਮਰਾਜੀ ਤਾਕਤਾਂ ਦੇ ਹੱਕ ਵਿੱਚ ਖੜ੍ਹੇ ਸਨ। ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅਤੇ ਸੰਗਰੂਰ ਤੋਂ ਸੰਸਦ ਮੈਂਬਰ ਸਿਮਰਨਜੀਤ ਸਿੰਘ ਮਾਨ ’ਤੇ ਨਿਸ਼ਾਨਾਂ ਸੇਧਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਸ਼ਹੀਦ ਊਧਮ ਸਿੰਘ ਅਤੇ ਸ਼ਹੀਦ ਭਗਤ ਸਿੰਘ ਵਰਗੇ ਮਹਾਨ ਨਾਇਕ ਕਿਸੇ ਪਛਾਣ ਦੇ ਮੁਥਾਜ ਨਹੀਂ। ਇਨ੍ਹਾਂ ਸ਼ਹੀਦਾਂ ਨੇ ਦੇਸ਼ ਦੀ ਆਜ਼ਾਦੀ ਲਈ ਆਪਣੀਆਂ ਜਾਨਾਂ ਕੁਰਬਾਨ ਕਰ ਦਿੱਤੀਆਂ ਅਤੇ ਕਿਸੇ ਨੂੰ ਵੀ ਉਨ੍ਹਾਂ ਦੇ ਆਜ਼ਾਦੀ ਦੀ ਲਹਿਰ ਵਿੱਚ ਪਾਏ ਯੋਗਦਾਨ ਉਤੇ ਉਂਗਲ ਚੁੱਕਣ ਦਾ ਹੱਕ ਨਹੀਂ ਹੈ। ਮੁੱਖ ਮੰਤਰੀ ਨੇ ਸੁਖਦੇਵ, ਰਾਜਗੁਰੂ, ਸ਼ਹੀਦ ਕਰਤਾਰ ਸਿੰਘ ਸਰਾਭਾ ਅਤੇ ਹੋਰ ਮਹਾਨ ਸ਼ਹੀਦਾਂ ਵੱਲੋਂ ਭਾਰਤੀ ਆਜ਼ਾਦੀ ਦੀ ਲਹਿਰ ਦੌਰਾਨ ਦਿੱਤੀਆਂ ਲਾਸਾਨੀ ਕੁਰਬਾਨੀਆਂ ਨੂੰ ਵੀ ਯਾਦ ਕੀਤਾ। ਸੁਨਾਮ ਨੂੰ ਆਪਣਾ ਦੂਜਾ ਘਰ ਦੱਸਦਿਆਂ ਭਗਵੰਤ ਮਾਨ ਨੇ ਕਿਹਾ ਕਿ ਉਹ ਖ਼ੁਸ਼ਕਿਸਮਤ ਹਨ ਕਿ ਇੱਥੇ ਜਨਮੇ ਅਤੇ ਸਿੱਖਿਆ ਪ੍ਰਾਪਤ ਕੀਤੀ। ਮੁੱਖ ਮੰਤਰੀ ਨੇ ਕੈਬਨਿਟ ਮੰਤਰੀ ਅਮਨ ਅਰੋੜਾ ਵੱਲੋਂ ਉਠਾਈਆਂ ਮੰਗਾਂ ਦੇ ਜਵਾਬ ਵਿੱਚ ਸੁਨਾਮ ਲਈ ਲਗਪਗ 22.59 ਕਰੋੜ ਰੁਪਏ ਦੇ ਅਹਿਮ ਵਿਕਾਸ ਪ੍ਰਾਜੈਕਟਾਂ ਦਾ ਐਲਾਨ ਕੀਤਾ, ਜਿਨ੍ਹਾਂ ਵਿੱਚ ਆਈਟੀਆਈ ਵਿੱਚ ਸਟੇਡੀਅਮ (1.66 ਕਰੋੜ ਰੁਪਏ), ਨਵਾਂ ਸਬ-ਤਹਿਸੀਲ ਕੰਪਲੈਕਸ (4.46 ਕਰੋੜ ਰੁਪਏ) ਅਤੇ ਚੀਮਾ ਲਈ ਬੱਸ ਅੱਡਾ (5.07 ਕਰੋੜ ਰੁਪਏ), ਲੌਂਗੋਵਾਲ ਲਈ ਨਵਾਂ ਬੱਸ ਅੱਡਾ (2.54 ਕਰੋੜ ਰੁਪਏ) ਤੇ ਸਟੇਡੀਅਮ (3.58 ਕਰੋੜ ਰੁਪਏ) ਅਤੇ ਸੁਨਾਮ ਲਈ 5.28 ਕਰੋੜ ਰੁਪਏ ਦੀ ਲਾਗਤ ਵਾਲਾ ਸੀਵਰੇਜ ਸਿਸਟਮ ਸ਼ਾਮਲ ਹੈ। ਕੈਬਨਿਟ ਮੰਤਰੀ ਅਤੇ ਸੁਨਾਮ ਤੋਂ ਵਿਧਾਇਕ ਅਮਨ ਅਰੋੜਾ ਨੇ ਸ਼ਰਧਾਂਜਲੀ ਸਮਾਗਮ ਵਿਚ ਪਹੁੰਚੇ ਮੁੱਖ ਮੰਤਰੀ ਅਤੇ ਹੋਰਨਾ ਵਜ਼ੀਰਾਂ ਤੇ ਵਿਧਾਇਕਾਂ ਨੂੰ ਜੀ ਆਇਆਂ ਕਿਹਾ। ਕੈਬਨਿਟ ਮੰਤਰੀ ਗੁਰਮੀਤ ਸਿੰਘ ਮੀਤ ਹੇਅਰ ਨੇ ਵੀ ਸ਼ਹੀਦ ਊਧਮ ਸਿੰਘ ਨੂੰ ਸ਼ਰਧਾਂਜਲੀ ਭੇਟ ਕੀਤੀ। ਇਸ ਮੌਕੇ ਵਿਧਾਇਕ ਜਸਵੰਤ ਸਿੰਘ ਗੱਜਣਮਾਜਰਾ, ਵਰਿੰਦਰ ਗੋਇਲ, ਨਰਿੰਦਰ ਕੌਰ ਭਰਾਜ, ਕੁਲਵੰਤ ਪੰਡੋਰੀ, ‘ਆਪ’ ਆਗੂ ਗੁਰਮੇਲ ਘਰਾਚੋਂ ਵੀ ਹਾਜ਼ਰ ਸਨ।
ਵਿੱਤੀ ਬੋਝ ਦੇ ਬਾਵਜੂਦ ਸਰਕਾਰ ਵਾਅਦੇ ਪੂਰੇ ਕਰੇਗੀ: ਚੀਮਾ
ਵਿੱਤ ਮੰਤਰੀ ਹਰਪਾਲ ਚੀਮਾ ਨੇ ਕਿਹਾ ਕਿ ਸ਼ਹੀਦਾਂ ਦੇ ਨਕਸ਼ੇ-ਕਦਮ ਉਤੇ ਚੱਲਦਿਆਂ ਸੂਬਾ ਸਰਕਾਰ ਨੇ ਲੋਕਾਂ ਦੀ ਤਰੱਕੀ ਤੇ ਖ਼ੁਸ਼ਹਾਲੀ ਲਈ ਕਈ ਮਿਸਾਲੀ ਕਦਮ ਚੁੱਕੇ ਹਨ। ਉਨ੍ਹਾਂ ਕਿਹਾ ਕਿ ਵਿੱਤੀ ਮੁਸ਼ਕਲਾਂ ਦੇ ਬਾਵਜੂਦ ਸੂਬਾ ਸਰਕਾਰ ਨੇ ਲੋਕਾਂ ਦੀ ਭਲਾਈ ਲਈ ਕਈ ਮਿਸਾਲੀ ਕਦਮ ਪੁੱਟੇ ਹਨ। ਸੂਬੇ ਦੇ ਵਿਕਾਸ ਵਿੱਚ ਕੋਈ ਕਸਰ ਬਾਕੀ ਨਹੀਂ ਛੱਡੀ ਜਾਵੇਗੀ।
ਮੁੱਖ ਮੰਤਰੀ ਵੱਲੋਂ ਬੀਐੱਸਐੱਫ ਦੇ ਡੀਜੀ ਨਾਲ ਮੁਲਾਕਾਤ

ਚੰਡੀਗੜ੍ਹ (ਟਨਸ): ਪੰਜਾਬ ਵਿੱਚ ਸਰਹੱਦ ਪਾਰੋਂ ਨਸ਼ਿਆਂ ਅਤੇ ਹਥਿਆਰਾਂ ਦੀ ਤਸਕਰੀ ਨੂੰ ਠੱਲ੍ਹ ਪਾਉਣ ਲਈ ਮੁੱਖ ਮੰਤਰੀ ਭਗਵੰਤ ਮਾਨ ਨੇ ਅੱਜ ਇਥੇ ਆਪਣੀ ਸਰਕਾਰੀ ਰਿਹਾਇਸ਼ ’ਤੇ ਸੀਮਾ ਸੁਰੱਖਿਆ ਬਲ (ਬੀਐੱਸਐੱਫ) ਦੇ ਡਾਇਰੈਕਟਰ ਜਨਰਲ ਪੰਕਜ ਕੁਮਾਰ ਨਾਲ ਮੁਲਾਕਾਤ ਕੀਤੀ। ਮੁੱਖ ਮੰਤਰੀ ਨੇ ਬੀਐੱਸਐੱਫ ਦੇ ਡੀਜੀ ਨੂੰ ਹਥਿਆਰਾਂ ਅਤੇ ਨਸ਼ਿਆਂ ਦੀ ਤਸਕਰੀ ਰੋਕਣ ਲਈ ਸਰਹੱਦ ਉੱਤੇ ਚੌਕਸੀ ਵਧਾਉਣ ’ਤੇ ਜ਼ੋਰ ਦਿੱਤਾ ਹੈ। ਮੁੱਖ ਮੰਤਰੀ ਨੇ ਕਿਹਾ ਕਿ ਸਰਹੱਦੀ ਸੂਬਾ ਹੋਣ ਕਰਕੇ ਪੰਜਾਬ ਨੂੰ ਕੰਡਿਆਲੀ ਤਾਰ ਪਾਰੋਂ ਹੁੰਦੀ ਨਸ਼ਿਆਂ ਤੇ ਹਥਿਆਰਾਂ ਦੀ ਤਸਕਰੀ ਦੀਆਂ ਵਧੇਰੇ ਚੁਣੌਤੀਆਂ ਦਾ ਸਾਹਮਣਾ ਕਰਨਾ ਪੈਂਦਾ ਹੈ। ਉਨ੍ਹਾਂ ਕਿਹਾ ਕਿ ਸੂਬੇ ਵਿੱਚ ਰੱਤੀ ਭਰ ਵੀ ਨਸ਼ਿਆਂ ਉਗਾਇਆ ਨਹੀਂ ਜਾਂਦਾ, ਪਰ ਸੂਬਾ ਨਸ਼ਾ ਸਪਲਾਈ ਦਾ ਲਾਂਘਾ ਹੈ। ਇਸ ਲਈ ਪੰਜਾਬ ਦੇਸ਼ ਵਿੱਚ ਨਸ਼ਿਆਂ ਦੀ ਤਸਕਰੀ ਰੋਕਣ ਲਈ ਸਖ਼ਤੀ ਨਾਲ ਲੜ ਰਿਹਾ ਹੈ। ਉਨ੍ਹਾਂ ਕਿਹਾ ਕਿ ਬੀਐੱਸਐੱਫ ਤੇ ਪੰਜਾਬ ਪੁਲੀਸ ਵੱਲੋਂ ਨਸ਼ਾ ਤਸਕਰੀ ਵਿਰੁੱਧ ਬਣਾਈ ਨੀਤੀ, ਨਸ਼ਿਆਂ ਦੇ ਜ਼ਹਿਰ ਤੋਂ ਦੇਸ਼ ਨੂੰ ਬਚਾਉਣ ਲਈ ਇਕ ਵੱਡੇ ‘ਬੈਰੀਅਰ’ ਵਜੋਂ ਕੰਮ ਕਰ ਸਕਦੀ ਹੈ। ਉਨ੍ਹਾਂ ਬੀਐੱਸਐੱਫ ਦੇ ਡਾਇਰੈਕਟਰ ਜਨਰਲ ਨੂੰ ਹਰ ਸੰਭਵ ਸਹਿਯੋਗ ਤੇ ਸਹਾਇਤਾ ਦਾ ਭਰੋੋਸਾ ਦਿੱਤਾ। ਮੁੱਖ ਮੰਤਰੀ ਨੇ ਕਿਹਾ ਕਿ ਸਰਹੱਦ ਪਾਰੋਂ ਹੋਣ ਵਾਲੀਆਂ ਦਹਿਸ਼ਤੀ ਸਰਗਰਮੀਆਂ ਅਤੇ ਨਸ਼ਾ ਤਸਕਰੀ ਨੂੰ ਰੋਕਣ ਲਈ ਬੀਐੱਸਐੱਫ ਤੇ ਪੰਜਾਬ ਪੁਲੀਸ ਨੂੰ ਆਧੁਨਿਕ ਹਥਿਆਰਾਂ ਤੇ ਸਾਜ਼ੋ-ਸਾਮਾਨ ਨਾਲ ਲੈਸ ਕਰਨ ਦੀ ਲੋੜ ਹੈ। ਉਨ੍ਹਾਂ ਕਿਹਾ ਕਿ ਪਹਿਲਾਂ ਇਹ ਮਸਲਾ ਕੇਂਦਰ ਸਰਕਾਰ ਕੋਲ ਉਠਾਇਆ ਸੀ। ਪੰਜਾਬ ਪੁਲੀਸ ਤੇ ਬੀਐੱਸਐੱਫ ਸਰਹੱਦ ਪਾਰ ਤੋਂ ਹਥਿਆਰਾਂ ਤੇ ਨਸ਼ਿਆਂ ਦੀ ਤਸਕਰੀ ਰੋਕਣ ਲਈ ਅਣਥੱਕ ਕੋਸ਼ਿਸ਼ਾਂ ਕਰ ਰਹੀਆਂ ਹਨ, ਜਿਨ੍ਹਾਂ ਦੇ ਮਨਚਾਹੇ ਨਤੀਜੇ ਨਿਕਲਣਗੇ। ਉਨ੍ਹਾਂ ਸਰਹੱਦ ਦੀ ਰਾਖੀ ਲਈ ਬੀਐੱਸਐੱਫ ਵੱਲੋਂ ਨਿਭਾਈਆਂ ਜਾ ਰਹੀਆਂ ਸੇਵਾਵਾਂ ਦੀ ਸ਼ਲਾਘਾ ਕੀਤੀ।