ਟ੍ਰਿਬਿਊਨ ਨਿਊਜ਼ ਸਰਵਿਸ
ਚੰਡੀਗੜ੍ਹ, 23 ਦਸੰਬਰ
ਪੰਜਾਬ ਭਾਜਪਾ ਵੱਲੋਂ ਆਪਣੇ ਫੇਸਬੁੱਕ ਪੇਜ਼ ’ਤੇ ਖੇਤੀ ਕਾਨੂੰਨਾਂ ਦੇ ਸਮਰਥਨ ਲਈ ਵਰਤੀ ਗਈ ਨੌਜਵਾਨ ਕਿਸਾਨ ਹਰਪ੍ਰੀਤ ਸਿੰਘ ਦੀ ਤਸਵੀਰ ’ਤੇ ਪ੍ਰਤੀਕਿਰਿਆ ਦਿੰਦਿਆਂ ਸ਼੍ਰੋਮਣੀ ਅਕਾਲੀ ਦਲ (ਡੈਮੋਕ੍ਰੈਟਿਕ) ਦੇ ਸੀਨੀਅਰ ਆਗੂ, ਵਿਧਾਇਕ ਅਤੇ ਸਾਬਕਾ ਵਿੱਤ ਮੰਤਰੀ ਪਰਮਿੰਦਰ ਸਿੰਘ ਢੀਂਡਸਾ ਨੇ ਕਿਹਾ ਕਿ ਪੰਜਾਬ ਭਾਜਪਾ ਦੇ ਫੇਸਬੁੱਕ ਪੇਜ ’ਤੇ ਪੰਜਾਬ ਦੇ ਜਿਸ ਨੌਜਵਾਨ ਕਿਸਾਨ ਦੀ ਫੋਟੋ ਵਰਤੀ ਗਈ ਹੈ, ਉਹ ਨੌਜਵਾਨ ਕਿਸਾਨ ਪਿਛਲੇ ਕਈਂ ਦਿਨਾਂ ਤੋਂ ਕਿਸਾਨ ਵਿਰੋਧੀ ਕਾਲੇ ਕਾਨੂੰਨਾਂ ਦੇ ਵਿਰੋਧ ਵਿੱਚ ਸਿੰਘੂ ਸਰਹੱਦ ’ਤੇ ਸੰਘਰਸ਼ੀਲ ਕਿਸਾਨਾਂ ਨਾਲ ਬੈਠਾ ਹੈ। ਢੀਂਡਸਾ ਨੇ ਪੰਜਾਬ ਭਾਜਪਾ ਵੱਲੋਂ ਜਾਰੀ ਖ਼ੁਸ਼ਹਾਲ ਕਿਸਾਨ ਦੇ ਪੋਸਟਰ ’ਤੇ ਕੇਂਦਰ ਸਰਕਾਰ ਨੂੰ ਸਵਾਲ ਕਰਦਿਆਂ ਕਿਹਾ ਕਿ ਜੇ ਕਿਸਾਨ ਖੁਸ਼ ਹੈ ਤਾਂ ਫੇਰ ਉਹ ਕੜਾਕੇ ਦੀ ਇਸ ਠੰਢ ਵਿੱਚ ਦਿੱਲੀ ਦੀਆਂ ਸਰਹੱਦਾਂ ’ਤੇ ਕੀ ਕਰ ਰਿਹਾ ਹੈ।