ਪੇਸ਼ਾਵਰ, 1 ਅਕਤੂਬਰ
ਇਸਲਾਮਿਕ ਸਟੇਟ ਖੁਰਾਸਾਨ (ਆਈਐੱਸਆਈਐੱਸ-ਕੇ) ਨੇ ਪੇਸ਼ਾਵਰ ਸ਼ਹਿਰ ਵਿਚ ਮਸ਼ਹੂਰ ਸਿੱਖ ਹਕੀਮ ਦੀ ਹੱਤਿਆ ਦੀ ਜ਼ਿੰਮੇਵਾਰੀ ਲਈ ਹੈ। ਇਹ ਸਮੂਹ ਇਸਲਾਮਿਕ ਸਟੇਟ ਅਫ਼ਗਾਨਿਸਤਾਨ ਨਾਲ ਸਬੰਧਤ ਹੈ। ਪੁਲੀਸ ਨੇ ਕਿਹਾ ਕਿ ਹਕੀਮ ਸਤਿਨਾਮ ਸਿੰਘ (ਖਾਲਸਾ) ਵੀਰਵਰ ਨੂੰ ਆਪਣੇ ਕਲੀਨਿਕ ਵਿਚ ਸੀ। ਇਸੇ ਦੌਰਾਨ ਅਣਪਛਾਤੇ ਬੰਦੂਕਧਾਰੀ ਉਨ੍ਹਾਂ ਦੇ ਕਮਰੇ ਵਿਚ ਵੜੇ ਅਤੇ ਉਨ੍ਹਾਂ ਉੱਪਰ ਗੋਲੀਆਂ ਚਲਾ ਦਿੱਤੀਆਂ। ਉਸ ਤੋਂ ਬਾਅਦ ਹਮਲਾਵਰ ਉੱਥੋਂ ਫ਼ਰਾਰ ਹੋ ਗਏ। ਪੁਲੀਸ ਨੇ ਕਿਹਾ ਕਿ ਯੂਨਾਨੀ ਹਕੀਮ ਨੂੰ ਚਾਰ ਗੋਲੀਆਂ ਲੱਗੀਆਂ ਤੇ ਉਸ ਦੀ ਮੌਕੇ ’ਤੇ ਹੀ ਮੌਤ ਹੋ ਗਈ। ਆਈਐੱਸਆਈਐੱਸ-ਕੇ ਨੇ ਵੀਰਵਾਰ ਰਾਤ ਨੂੰ ਸੋਸ਼ਲ ਮੀਡੀਆ ’ਤੇ ਪੋਸਟ ਕੀਤੇ ਗਏ ਇਕ ਵੀਡੀਓ ਵਿਚ ਸਤਿਨਾਮ ਸਿੰਘ ਦੀ ਹੱਤਿਆ ਦੀ ਜ਼ਿੰਮੇਵਾਰੀ ਲਈ। -ਪੀਟੀਆਈ