ਖੇਤਰੀ ਪ੍ਰਤੀਨਿਧ
ਐੱਸ.ਏ.ਐੱਸ. ਨਗਰ(ਮੁਹਾਲੀ), 10 ਅਪਰੈਲ
ਆਜ਼ਾਦੀ ਦੀ 75ਵੀਂ ਵਰ੍ਹੇਗੰਢ ਨੂੰ ਸਮਰਪਿਤ ‘ਢਾਈ ਅੱਖਰ ਪ੍ਰੇਮ’ ਸੱਭਿਆਚਾਰਕ ਸਮਾਗਮਾਂ ਦੀ ਲੜੀ ਤਹਿਤ ਇਪਟਾ ਵੱਲੋਂ 14 ਅਪਰੈਲ ਨੂੰ ਅੰਮ੍ਰਿਤਸਰ ਵਿੱਚ ਸਮਾਗਮ ਕਰਵਾਇਆ ਜਾ ਰਿਹਾ ਹੈ। ਇਪਟਾ ਪੰਜਾਬ ਦੇ ਪ੍ਰਧਾਨ ਸੰਜੀਵਨ ਸਿੰਘ ਅਤੇ ‘ਢਾਈ ਅੱਖਰ ਪ੍ਰੇਮ’ ਸੱਭਿਆਚਾਰਕ ਸਮਾਗਮ ਦੇ ਕਨਵੀਨਰ ਦਲਜੀਤ ਸੋਨਾ ਨੇ ਦੱਸਿਆ ਕਿ ਚੰਡੀਗੜ੍ਹ ਅਤੇ ਪੰਜਾਬ ਦੇ ਸਾਰੇ ਜ਼ਿਲ੍ਹਿਆਂ ’ਚੋਂ ਇਪਟਾ ਕਾਰਕੁਨ ਪਹਿਲਾਂ ਸ਼ਹੀਦ ਭਗਤ ਸਿੰਘ ਦੇ ਜਨਮ ਅਸਥਾਨ ਖਟਕੜ ਕਲਾਂ, ਸ਼ਹੀਦ ਊਧਮ ਸਿੰਘ ਦੇ ਜਨਮ ਅਸਥਾਨ ਸੁਨਾਮ ਤੇ ਸ਼ਹੀਦ ਸੁਖਦੇਵ ਦੇ ਜਨਮ ਅਸਥਾਨ ਲੁਧਿਆਣਾ ਵਿੱਚ ਸ਼ਹੀਦਾਂ ਨੂੰ ਸ਼ਰਧਾਂਜਲੀ ਭੇਟ ਕਰਦਿਆਂ ਜੱਲ੍ਹਿਆਂਵਾਲਾ ਬਾਗ ਪਹੁੰਚਣਗੇ। ਉਪਰੰਤ 2 ਵਜੇ ਦਲਜੀਤ ਸੋਨਾ ਅਕਾਦਮੀ, ਅੰਮ੍ਰਿਤਸਰ ਵਿੱਚ ਵੱਖ-ਵੱਖ ਵਿਦਵਾਨਾਂ ਵੱਲੋਂ ‘ਆਜ਼ਾਦੀ ਤੋਂ ਪਹਿਲਾਂ ਤੇ ਬਾਅਦ ਦਾ ਭਾਰਤ’ ਵਿਸ਼ੇ ’ਤੇ ਵਿਚਾਰ ਪੇਸ਼ ਕੀਤੇ ਜਾਣਗੇ।