ਦਵਿੰਦਰ ਪਾਲ
ਚੰਡੀਗੜ੍ਹ, 17 ਅਪਰੈਲ
ਪੰਜਾਬ ਦੀਆਂ ਕਿਸਾਨ ਜਥੇਬੰਦੀਆਂ ਨੇ ਕਰੋਨਾ ਦੀ ਆੜ ਹੇਠ ਕਿਸਾਨੀ ਅੰਦੋਲਨ ਨੂੰ ਖਤਮ ਕਰਨ ਦੀਆਂ ਚਾਲਾਂ ਦਾ ਜਵਾਬ ਦੇਣ ਲਈ 21 ਅਪਰੈਲ ਨੂੰ ਵੱਡੇ ਕਾਫ਼ਲਿਆਂ ਦੇ ਰੂਪ ਵਿੱਚ ਦਿੱਲੀ ਪੁੱਜਣ ਦਾ ਸੱਦਾ ਦਿੱਤਾ ਹੈ। ਸੂਬੇ ਦੀਆਂ 32 ਕਿਸਾਨ ਜਥੇਬੰਦੀਆਂ ਦੀ ਅਗਵਾਈ ਹੇਠ ਭਾਰਤੀ ਜਨਤਾ ਪਾਰਟੀ ਨਾਲ ਸਬੰਧਤ ਨੇਤਾਵਾਂ ਦੇ ਘਰਾਂ ਮੂਹਰੇ, ਟੌਲ ਪਲਾਜ਼ਿਆਂ, ਅੰਬਾਨੀ ਤੇ ਅਡਾਨੀ ਦੇ ਕਾਰੋਬਾਰੀ ਟਿਕਾਣਿਆਂ ਮੂਹਰੇ, ਰੇਲਵੇ ਸਟੇਸ਼ਨਾਂ ਦੇ ਪਾਰਕਾਂ ਅੰਦਰ, ਨਿੱਜੀ ਖੇਤਰ ਦੇ ਥਰਮਲ ਪਲਾਂਟ ਅਤੇ ਮੋਗਾ ਦੇ ਸਾਈਲੋ ਅੱਗੇ ਧਰਨੇ ਸਮੇਤ ਸਵਾ ਸੌ ਤੋਂ ਵੱਧ ਥਾਵਾਂ ’ਤੇ ਧਰਨੇ ਚੱਲ ਰਹੇ ਹਨ। ਇਨ੍ਹਾਂ ਧਰਨਿਆਂ ਨੂੰ ਸੰਬੋਧਨ ਕਰਦਿਆਂ ਕਿਸਾਨ ਬੁਲਾਰਿਆਂ ਨੇ ਕਿਹਾ ਕਿ ਕਿਸਾਨ ਤਿੰਨੇ ਖੇਤੀ ਕਾਨੂੰਨ ਰੱਦ ਕਰਾਉਣ ਤੇ ਹੋਰਨਾਂ ਮੰਗਾਂ ਦੀ ਪ੍ਰਾਪਤੀ ਲਈ ਦ੍ਰਿੜ੍ਹ ਹਨ ਤੇ ਇਹ ਸੰਘਰਸ਼ ਕਿਸੇ ਵੀ ਤਰ੍ਹਾਂ ਦੀਆਂ ਪਾਬੰਦੀਆਂ ਨਾਲ ਡੱਕਿਆ ਨਹੀਂ ਜਾ ਸਕਦਾ। ਕਿਸਾਨ ਆਗੂਆਂ ਨੇ ਕਿਹਾ ਕਿ ਮੋਦੀ ਸਰਕਾਰ ਇੱਕ ਪਾਸੇ ਦੇਸ਼ ਅੰਦਰ ਮੁੜ ਲੌਕਡਾਊਨ ਵਰਗੇ ਹਾਲਾਤ ਪੈਦਾ ਕਰ ਰਹੀ ਹੈ ਜਦ ਕਿ ਦੂਜੇ ਪਾਸੇ ਬੰਗਾਲ ਤੇ ਹੋਰਨਾਂ ਸੂਬਿਆਂ ਦੀਆਂ ਚੋਣਾਂ ਅੰਦਰ ਆਪ ਵੱਡੀਆਂ ਰੈਲੀਆਂ ਕਰ ਰਹੀ ਹੈ।
ਕਿਸਾਨ ਆਗੂਆਂ ਨੇ ਕਿਹਾ ਕਿ ਸੰਘਰਸ਼ ਵਿੱਚ ਸ਼ਾਮਲ ਕਿਸਾਨ ਮਜ਼ਦੂਰ ਆਪਣੀ ਸਿਹਤ ਲਈ ਵੀ ਜਾਗਰੂਕ ਹਨ ਅਤੇ ਲੋਕਾਂ ਨੂੰ ਲੋੜੀਂਦੀਆਂ ਸਾਵਧਾਨੀਆਂ ਵਰਤਣ ਲਈ ਕਿਹਾ ਜਾ ਰਿਹਾ ਹੈ ਪਰ ਕਰੋਨਾ ਬਿਮਾਰੀ ਕਿਸਾਨਾਂ ਲਈ ਖੇਤੀ ਕਿੱਤੇ ਦੀ ਤਬਾਹੀ ਤੋਂ ਉੱਪਰ ਨਹੀਂ ਹੈ। ਉਨ੍ਹਾਂ ਕਿਸਾਨਾਂ ਨੂੰ ਸੱਦਾ ਦਿੱਤਾ ਕਿ ਉਹ ਦਿੱਲੀ ਮੋਰਚੇ ਦੀ ਮਜਬੂਤੀ ਲਈ 21 ਅਪਰੈਲ ਨੂੰ ਦਿੱਲੀ ਵੱਲ ਕੂਚ ਕਰਨ।
ਸੰਯੁਕਤ ਮੋਰਚੇ ’ਚ ਸ਼ਾਮਲ ਕਿਸਾਨ ਜਥੇਬੰਦੀਆਂ ਦੇ ਆਗੂਆਂ ਨੇ ਕਿਹਾ ਕਿ ਬੇਸ਼ੱਕ ਉਹ ਸ਼ੋਸ਼ਲ-ਮੀਡੀਆ ’ਤੇ ਚਲ ਰਹੀਆਂ ਅਫ਼ਵਾਹਾਂ ਨੂੰ ਕੋਈ ਬਹੁਤੀ ਤਵੱਜੋਂ ਨਹੀਂ ਦਿੰਦੇ ਪਰ ਫਿਰ ਵੀ ਕਿਸਾਨ-ਅੰਦੋਲਨ ਨੂੰ ਸਫ਼ਲ ਬਣਾਉਣ ਲਈ ਹਰ ਪੱਖੋ ਸੁਚੇਤ ਅਤੇ ਦ੍ਰਿੜ ਹਨ। ਉਨ੍ਹਾਂ ਕਿ ਪਿਛਲੇ ਦਿਨਾਂ ਤੋਂ ‘ਆਪ੍ਰੇਸ਼ਨ ਕਲੀਨ’ ਦਾ ਸ਼ੋਸ਼ਾ ਚਰਚਾ ਵਿੱਚ ਹੈ। ਕਿਸਾਨ ਆਗੂਆਂ ਨੇ ਸਪੱਸ਼ਟ ਕਰ ਕੀਤਾ ਕਿ ਕਿਸਾਨ ਆਪਣੀ ਹੋਂਦ ਦੀ ਲੜਾਈ ਲੜ ਰਹੇ ਹਨ ਅਤੇ ਆਪਣੇ ਅੰਦੋਲਨ ਦੀ ਸਫ਼ਲਤਾ ਲਈ ਉਹ ਜਾਨਾਂ ਕੁਰਬਾਨ ਕਰਨ ਤੋਂ ਵੀ ਗੁਰੇਜ਼ ਨਹੀਂ ਕਰਨਗੇ। ਕਿਸਾਨ ਆਗੂਆਂ ਨੇ ਕਿਹਾ ਕਿ ਸੰਯੁਕਤ ਕਿਸਾਨ ਮੋਰਚਾ ਅਗਲੇ ਦਿਨਾਂ ਲਈ ਹੋਰ ਤਿੱਖੇ ਪ੍ਰੋਗਰਾਮ ਉਲੀਕ ਰਿਹਾ ਹੈ ਅਤੇ ਇਹ ਘੋਲ ਹੁਣ ਜਨ-ਅੰਦੋਲਨ ਬਣ ਚੁੱਕਿਆ ਹੈ, ਜੋ ਕਰੋਨਾ ਬਹਾਨੇ ਖਤਮ ਨਹੀਂ ਕੀਤਾ ਜਾ ਸਕਦਾ। ਉਨ੍ਹਾਂ ਕਿਹਾ ਔਰਤਾਂ ਅਤੇ ਨੌਜਵਾਨਾਂ ਦੇ ਜਥੇ ਟਿਕਰੀ ਅਤੇ ਸਿੰਘੂ ਹੱਦ ’ਤੇ ਲਗਾਤਾਰ ਭੇਜੇ ਜਾ ਰਹੇ ਹਨ। ਕਿਸਾਨ ਆਗੂਆਂ ਨੇ ਕੋਝੀਆਂ ਚਾਲਾਂ ਚੱਲਣ ’ਤੇ ਕੇਂਦਰ ਸਰਕਾਰ ਨੂੰ ਚਿਤਾਵਨੀ ਦਿੰਦਿਆਂ ਕਿਹਾ ਕਿ ਸਰਕਾਰ ਕੋਲ ਪੁਲੀਸ ਐਕਸ਼ਨ ਰਾਹੀਂ ਅੰਦੋਲਨ ਖਤਮ ਕਰਵਾਉਣ ਵਾਲਾ ਰਾਹ ਬਿਲਕੁਲ ਵੀ ਨਹੀਂ ਹੈ। ਅੰਦੋਲਨ ਖਤਮ ਕਰਨ ਦਾ ਇੱਕੋ-ਇੱਕ ਰਾਹ ਤਿੰਨ ਕਾਲੇ ਖੇਤੀ ਕਾਨੂੰਨ ਰੱਦ ਕਰਨ ਤੇ ਐੱਮਐੱਸਪੀ ਲਈ ਨਵਾਂ ਕਾਨੂੰਨ ਬਣਾਉਣ ਦਾ ਹੀ ਹੈ। ਉਨ੍ਹਾਂ ਕਿਹਾ ਕਿ ਇਹ ਕੰਮ ਜਿੰਨੀ ਜਲਦੀ ਹੋ ਜਾਵੇ, ਸਰਕਾਰ ਲਈ ਉਨ੍ਹਾਂ ਹੀ ਫਾਇਦੇਮੰਦ ਰਹੇਗਾ।
ਕਣਕ ਦੀ ਖਰੀਦ ਨਾ ਹੋਣ ’ਤੇ ਆਵਾਜਾਈ ਰੋਕੀ
ਬਠਿੰਡਾ (ਟ੍ਰਿਬਿਊਨ ਨਿਊਜ਼ ਸਰਵਿਸ): ਕੇਂਦਰੀ ਖ਼ਰੀਦ ਏਜੰਸੀ ਐੱਫਸੀਆਈ ਵੱਲੋਂ ਕਣਕ ਦੀ ਖ਼ਰੀਦ ਨਾ ਕਰਨ ਤੋਂ ਖ਼ਫ਼ਾ ਕਿਸਾਨਾਂ ਨੇ ਅੱਜ ਵੱਖ ਵੱਖ ਥਾਈਂ ਕੌਮੀ ਮਾਰਗ ਜਾਮ ਕੀਤੇ। ਪਿੰਡ ਭੋਖੜਾ ਵਿੱਚ ਭਾਰਤੀ ਕਿਸਾਨ ਯੂਨੀਅਨ ਮਾਨਸਾ ਦੀ ਅਗਵਾਈ ਹੇਠ ਕਿਸਾਨਾਂ ਨੇ ਬਠਿੰਡਾ-ਅੰਮ੍ਰਿਤਸਰ ਹਾਈਵੇਅ ਜਾਮ ਕਰ ਕੇ ਕੇਂਦਰ ਤੇ ਪੰਜਾਬ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਕੀਤੀ। ਇਸੇ ਤਰ੍ਹਾਂ ਮਾਨਸਾ ’ਚ ਕਣਕ ਦੀ ਖਰੀਦ ਦੇ ਸਰਕਾਰੀ ਦਾਅਵੇ ਫੇਲ੍ਹ ਹੋਣ ਮਗਰੋਂ ਕਿਸਾਨਾਂ ਨੇ ਸਿਰਸਾ-ਬਰਨਾਲਾ ਰੋਡ ਜਾਮ ਕਰ ਦਿੱਤਾ ਤੇ ਪ੍ਰਸ਼ਾਸਨ ਵੱਲੋਂ ਤੁਰੰਤ ਖਰੀਦ ਦਾ ਭਰੋਸਾ ਦੇਣ ਮਗਰੋਂ ਜਾਮ ਖੋਲ੍ਹਿਆ ਗਿਆ। ਇਸੇ ਤਰ੍ਹਾਂ ਕਿਸਾਨਾਂ ਨੇ ਭੀਖੀ-ਪਟਿਆਲਾ ਮੁੱਖ ਮਾਰਗ ’ਤੇ ਹਮੀਰਗੜ੍ਹ ਢੈਪਈ ਵਿੱਚ ਬਣੇ ਟੌਲ ਪਲਾਜ਼ਾ ਕੋਲ ਧਰਨਾ ਲਗਾ ਕੇ ਆਵਾਜਾਈ ਠੱਪ ਕਰ ਦਿੱਤੀ, ਜਿਸ ਕਾਰਨ ਵਾਹਨਾਂ ਨੂੰ ਪਿੰਡਾਂ ਵਿੱਚੋਂ ਲੰਘਣਾ ਪਿਆ। ਪਿੰਡ ਹਾਕਮਵਾਲਾ ਦੀ ਅਨਾਜ ਮੰਡੀ ਵਿੱਚ ਵੀ ਕਿਸਾਨਾਂ ਨੇ ਪੰਜਾਬ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਕੀਤੀ।