ਜੋਗਿੰਦਰ ਕੁੱਲੇਵਾਲ
ਗੜ੍ਹਸ਼ੰਕਰ, 27 ਅਕਤੂਬਰ
ਬੱਬਰ ਅਕਾਲੀ ਲਹਿਰ ਦੀ ਸ਼ਤਾਬਦੀ ਵਰ੍ਹੇ ਨੂੰ ਯਾਦ ਕਰਦਿਆਂ ਕਿਸਾਨ ਅੰਦੋਲਨ ਨੂੰ ਸਮਰਪਿਤ ਜਲੰਧਰ ਵਿਖੇ 31 ਅਕਤੂਬਰ ਤੋਂ ਪਹਿਲੀ ਨਵੰਬਰ ਨੂੰ ਹੋਣ ਜਾ ਰਹੇ ਮੇਲਾ ਗਦਰੀ ਬਾਬਿਆਂ ਦੇ ਚ ਪਰਿਵਾਰਾਂ ਸਮੇਤ ਪਹੁੰਚਣ ਦਾ ਸੱਦਾ ਦੇਣ ਲਈ ਗੜ੍ਹਸ਼ੰਕਰ ਅਤੇ ਮਾਹਿਲ ਪੁਰ ਖੇਤਰ ਦੇ ਪਿੰਡਾਂ ਵਿੱਚ ਦੇਸ਼ ਭਗਤ ਯਾਦਗਾਰ ਕਮੇਟੀ ਵੱਲੋਂ ਸਥਾਨਕ ਨੁਮਾਇੰਦਿਆਂ ਦੇ ਸਹਿਯੋਗ ਨਾਲ ਪੂਰੇ ਜੋਰ-ਸ਼ੋਰ ਨਾਲ ਸਰਗਰਮੀਆਂ ਕੀਤੀਆਂ ਜਾ ਰਹੀਆਂ ਹਨ। ਇਸੇ ਕੜੀ ਤਹਿਤ ਪਹਿਲਾਂ ਸਾਬਕਾ ਵਿਧਾਇਕ ਅਮਰ ਸ਼ਹੀਦ ਦਰਸ਼ਨ ਸਿੰਘ ਕੈਨੇਡੀਅਨ ਦੇ ਪਿੰਡ ਲੰਗੇਰੀ, ਫਿਰ ਬੱਬਰਾਂ ਦੇ ਪਿੰਡ ਖੜੌਦੀ ਵਿੱਚ ਵਿਚਾਰ-ਚਰਚਾ ਤੇ ਸੱਭਿਆਚਾਰਕ ਪ੍ਰੋਗਰਾਮ ਕਰਕੇ ਹੋਕਾ ਦਿੱਤਾ ਗਿਆ। ਇਨ੍ਹਾਂ ਪਿੰਡਾਂ ਚ ਦੇਸ਼ ਭਗਤ ਯਾਦਗਾਰ ਕਮੇਟੀ ਦੇ ਪ੍ਰਧਾਨ ਅਜਮੇਰ ਸਿੰਘ, ਪਲਸ ਮੰਚ ਦੇ ਪ੍ਰਧਾਨ ਅਮੋਲਕ ਸਿੰਘ, ਚਿਰੰਜੀ ਲਾਲ ਕੰਗਣੀਵਾਲ, ਮਹਿੰਦਰ ਸਿੰਘ ਖੈਰੜ ਅਤੇ ਰਣਜੀਤ ਸਿੰਘ ਨੇ ਸੰਬੋਧਨ ਕੀਤਾ। ਧਰਮਿੰਦਰ ਮਸਾਣੀ ਤੇ ਅਵਤਾਰ ਲੰਗੇਰੀ ਨੇ ਇਨਕਲਾਬੀ ਗੀਤ ਪੇਸ਼ ਕੀਤੇ। ਇਸ ਤੋਂ ਬਾਅਦ ਬੱਬਰਾਂ ਦੀ ਹਾਈਕੋਰਟ ਵਜੋਂ ਜਾਣੇ ਜਾਂਦੇ ਪਿੰਡ ਜੱਸੋਵਾਲ ਨਜ਼ਦੀਕ ਸੈਲਾ ਖੁਰਦ ਵਿੱਚ ਤਲਵਿੰਦਰ ਹੀਰ ਮਲਕੀਅਤ ਬਾਹੋਵਾਲ ਅਤੇ ਪ੍ਰਸਿੱਧ ਲੇਖਕ ਵਿਜੇ ਬੰਬੇਲੀ ਤੇ ਹੋਰ ਬੁਲਾਰਿਆਂਂ ਨੇ ਦੇਸ਼ ਭਗਤਾਂ ਦੇ ਪਾਏ ਪੂਰਨਿਆਂ ਤੇ ਚੱਲਣ ਲਈ ਪ੍ਰੇਰਿਆ। ਧਰਮਿੰਦਰ ਮਸਾਣੀ ਨੇ ਇਨਕਲਾਬੀ ਗੀਤ ਪੇਸ਼ ਕੀਤੇ। ਤਰਸੇਮ ਸਿੰਘ ਜੱਸੋਵਾਲ,ਕਾਮਰੇਡ ਦਵਿੰਦਰ ਸਿੰਘ ਨੇ ਦੇਸ਼ ਭਗਤ ਯਾਦਗਾਰ ਕਮੇਟੀ ਆਗੂਆਂ ਤੇ ਪਿੰਡ ਵਾਸੀਆਂ ਦਾ ਧੰਨਵਾਦ ਕੀਤਾ।