ਪੱਤਰ ਪ੍ਰੇਰਕ
ਐਸ.ਏ.ਐਸ. ਨਗਰ (ਮੁਹਾਲੀ), 2 ਜੁਲਾਈ
ਪੰਜਾਬ ਪੁਲੀਸ ਵੱਲੋਂ ਇਸੇ ਸਾਲ 25 ਅਪਰੈਲ ਨੂੰ ਅੰਮ੍ਰਿਤਸਰ ਨੇੜਿਓਂ 29 ਲੱਖ ਭਾਰਤੀ ਕਰੰਸੀ ਸਮੇਤ ਗ੍ਰਿਫ਼ਤਾਰ ਹਿਜ਼ਬੁਲ ਮੁਜ਼ਾਹਿਦੀਨ ਦੇ ਕਾਰਕੁਨ ਹਿਲਾਲ ਅਹਿਮਦ ਵਾਗੈ ਮਾਮਲੇ ਦੀ ਜਾਂਚ ਹੁਣ ਕੌਮੀ ਜਾਂਚ ਏਜੰਸੀ (ਐਨਆਈਏ) ਨੂੰ ਸੌਂਪੀ ਗਈ ਹੈ। ਮੁਲਜ਼ਮ ਖ਼ਿਲਾਫ਼ ਪਹਿਲਾਂ ਸਦਰ ਥਾਣਾ ਅੰਮ੍ਰਿਤਸਰ ਵਿੱਚ ਗੈਰਕਾਨੂੰਨੀ ਗਤੀਵਿਧੀਆਂ (ਰੋਕਥਾਮ) ਐਕਟ 1967 (ਸੋਧ 2012) ਦੀਆਂ ਵੱਖ-ਵੱਖ ਧਾਰਾਵਾਂ ਤਹਿਤ ਕੇਸ ਦਰਜ ਕੀਤਾ ਗਿਆ ਸੀ। ਹੁਣ ਐੱਨਆਈਏ ਨੇ ਜਾਂਚ ਆਪਣੇ ਹੱਥਾਂ ਵਿੱਚ ਲੈ ਕੇ ਮੁਲਜ਼ਮ ਖ਼ਿਲਾਫ਼ ਵੱਖਰਾ ਕੇਸ ਦਰਜ ਕੀਤਾ ਗਿਆ ਹੈ। ਐੱਨਆਈਏ ਦੀ ਜਾਂਚ ਟੀਮ ਨੇ ਹਿਲਾਲ ਅਹਿਮਦ ਸਮੇਤ ਵਿਕਰਮ ਸਿੰਘ ਉਰਫ਼ ਵਿੱਕੀ, ਰਣਜੀਤ ਸਿੰਘ ਉਰਫ਼ ਜੀਤੂ, ਜਸਵੰਤ ਸਿੰਘ ਅਤੇ ਜਸਬੀਰ ਸਿੰਘ ਉਰਫ਼ ਜੱਸਾ ਦੀ ਗ੍ਰਿਫ਼ਤਾਰੀ ਪਾ ਲਈ ਹੈ। ਇਨ੍ਹਾਂ ਸਾਰੇ ਮੁਲਜ਼ਮਾਂ ਨੇ ਵੀਰਵਾਰ ਨੂੰ ਐੱਨਆਈਏ ਦੇ ਵਿਸ਼ੇਸ਼ ਜੱਜ ਕਰੁਨੇਸ਼ ਕੁਮਾਰ ਦੀ ਅਦਾਲਤ ਵਿੱਚ ਵੀਡੀਓ ਕਾਨਫਰੰਸਿੰਗ ਰਾਹੀਂ ਪੇਸ਼ੀ ਭੁਗਤੀ। ਅਦਾਲਤ ਨੇ ਸਾਰੇ ਮੁਲਜ਼ਮਾਂ ਨੂੰ 23 ਜੁਲਾਈ ਤੱਕ ਨਿਆਂਇਕ ਹਿਰਾਸਤ ਅਧੀਨ ਜੇਲ੍ਹ ਭੇਜ ਦਿੱਤਾ। ਹਿਲਾਲ ਅਹਿਮਦ ਫਰੀਦਕੋਟ ਜੇਲ੍ਹ ਵਿੱਚ ਬੰਦ ਹੈ ਜਦੋਂਕਿ ਬਾਕੀ ਮੁਲਜ਼ਮ ਅੰਮ੍ਰਿਤਸਰ ਜੇਲ੍ਹ ਵਿੱਚ ਹਨ। ਉਧਰ, ਮੁਲਜ਼ਮ ਦੀ ਮੁੱਢਲੀ ਜਾਂਚ ਦੌਰਾਨ ਇਹ ਪਤਾ ਲੱਗਾ ਹੈ ਕਿ ਹਿਲਾਲ ਅਹਿਮਦ ਨੂੰ ਰਿਆਜ਼ ਅਹਿਮਦ ਨੈਕੂ ਵਾਸੀ ਬਿਜਬੇਹੜਾ (ਕਸ਼ਮੀਰ) ਦੇ ਹਿਜ਼ਬੁਲ ਮੁਜ਼ਾਹੂਦੀਨ ਦੇ ਮੁਖੀ ਨੇ ਆਪਣੇ ਟਰੱਕ ਵਿੱਚ ਪੈਸੇ ਲੈਣ ਲਈ ਭੇਜਿਆ ਸੀ। ਮੁਹਾਲੀ ਦੀ ਐੱਨਆਈਏ ਅਦਾਲਤ ਵਿੱਚ ਇਸ ਮਾਮਲੇ ਦੀ ਅਗਲੀ ਸੁਣਵਾਈ 23 ਜੁਲਾਈ ਨੂੰ ਹੋਵੇਗੀ।