ਜਗਮੋਹਨ ਸਿੰਘ
ਰੂਪਨਗਰ, 15 ਜੂਨ
ਜ਼ਿਲ੍ਹਾ ਰੂਪਨਗਰ ਦੇ ਪਿੰਡ ਬੰਨ੍ਹਮਾਜਰਾ ਸਥਿਤ ਫੈਕਟਰੀ ਚੀਮਾ ਬੁਆਇਲਰਜ਼ ਨੇ ‘ਪੰਜਾਬੀ ਟ੍ਰਿਬਿਊਨ’ ਵਿੱਚ ‘ਪੰਜਾਬ ਦੀ ਫੈਕਟਰੀ ਲਈ ਹਿਮਾਚਲ ਦੇ ਰੁਜ਼ਗਾਰ ਦਫ਼ਤਰ ’ਚ ਇੰਟਰਵਿਊ’ ਸਿਰਲੇਖ ਹੇਠ ਖ਼ਬਰ ਪ੍ਰਕਾਸ਼ਿਤ ਹੋਣ ਤੋਂ ਬਾਅਦ 17 ਜੂਨ ਨੂੰ ਹਿਮਾਚਲ ਪ੍ਰਦੇਸ਼ ਵਿੱਚ ਰੱਖੀ ਗਈ ਇੰਟਰਵਿਊ ਤੋਂ ਪਹਿਲਾਂ 16 ਜੂਨ ਨੂੰ ਰੂਪਨਗਰ ਵਿੱਚ 60 ਅਸਾਮੀਆਂ ਲਈ ਇੰਟਰਵਿਊ ਲੈਣ ਦਾ ਫੈ਼ਸਲਾ ਕੀਤਾ ਹੈ। ਜ਼ਿਲ੍ਹਾ ਰੁਜ਼ਗਾਰ ਅਫ਼ਸਰ ਰੂਪਨਗਰ ਅਰੁਣ ਕੁਮਾਰ ਨੇ ਦੱਸਿਆ ਕਿ ਉਦਯੋਗਿਕ ਇਕਾਈ ਚੀਮਾ ਬੁਆਇਲਰ, ਬੰਨ੍ਹਮਾਜਰਾ ਵੈਲਡਰ ਦੀਆਂ 10, ਫਿਟਰ-10, ਟਰਨਰ-10, ਇਲੈਕਟ੍ਰੀਸ਼ੀਅਨ -5 ਤੇ ਹੈਲਪਰ ਦੀਆਂ 25 ਅਸਾਮੀਆਂ ਲਈ ਜ਼ਿਲ੍ਹਾ ਰੁਜ਼ਗਾਰ ਤੇ ਕਾਰੋਬਾਰ ਬਿਊਰੋ, ਡੀਸੀ ਕੰਪਲੈਕਸ, ਗਰਾਊਂਡ ਫਲੋਰ, ਰੂਪਨਗਰ ਵਿੱਚ ਸਵੇਰੇ 10 ਵਜੇ ਇੰਟਰਵਿਊ ਲਵੇਗੀ।ਹੈਲਪਰ ਦੀਆਂ ਅਸਾਮੀਆਂ ਲਈ ਯੋਗਤਾ ਅੱਠਵੀਂ, ਦਸਵੀਂ ਜਾਂ ਬਾਰ੍ਹਵੀਂ ਪਾਸ ਰੱਖੀ ਗਈ ਹੈ ਤੇ ਬਾਕੀ ਅਸਾਮੀਆਂ ਲਈ ਸਬੰਧਤ ਟਰੇਡ ਵਿੱਚ ਆਈਟੀਆਈ ਪਾਸ ਹੋਣਾ ਲਾਜ਼ਮੀ ਹੈ। ਅਰੁਣ ਸ਼ਰਮਾ ਨੇ ਦੱਸਿਆ ਕਿ ਕਿਸੇ ਵੀ ਫੈਕਟਰੀ ਲਈ ਕੰਪਲਸਰੀ ਨੋਟੀਫੀਕੇਸ਼ਨ ਵੇਕੈਂਸੀ ਐਕਟ ਅਨੁਸਾਰ ਅਸਾਮੀਆਂ ਦੀ ਸੂਚਨਾ ਸਬੰਧਤ ਜ਼ਿਲ੍ਹਾ ਰੁਜ਼ਗਾਰ ਅਫ਼ਸਰ ਨੂੰ ਦਿੱਤੀ ਜਾਣੀ ਜ਼ਰੂਰੀ ਹੈ। ਦੱਸਣਯੋਗ ਹੈ ਕਿ ੳਕਤ ਫੈਕਟਰੀ ਲਈ ਹਿਮਾਚਲ ਪ੍ਰਦੇਸ਼ ਦੇ ਉਪ ਰੁਜ਼ਗਾਰ ਦਫ਼ਤਰ ਨਾਦੌਣ ਵਿੱਚ 17 ਜੂਨ ਨੂੰ ਇੰਟਰਵਿਊ ਰੱਖੀ ਗਈ ਸੀ, ਜਿਸ ਸਬੰਧੀ ‘ਪੰਜਾਬੀ ਟ੍ਰਿਬਿਊਨ’ ਵੱਲੋਂ ਪੰਜਾਬ ਵਿੱਚ ਇੰਟਰਵਿਊ ਨਾ ਲਏ ਜਾਣ ਦਾ ਮੁੱਦਾ ਉਠਾਏ ਜਾਣ ’ਤੇ ਜ਼ਿਲ੍ਹਾ ਰੂਪਨਗਰ ਪ੍ਰਸ਼ਾਸਨ ਨੇ ਹਰਕਤ ਵਿੱਚ ਆਉਂਦਿਆਂ ਉਕਤ ਫੈਕਟਰੀ ਵਿੱਚ 16 ਜੂਨ ਨੂੰ ਇੰਟਰਵਿਊ ਰਖਵਾਈ ਹੈ।