ਜਗਮੋਹਨ ਸਿੰਘ
ਰੂਪਨਗਰ, 14 ਜੂਨ
ਹਿਮਾਚਲ ਪ੍ਰਦੇਸ਼ ਦੇ ਰੁਜ਼ਗਾਰ ਵਿਭਾਗ ਨੇ ਪੰਜਾਬ ਦੇ ਰੂਪਨਗਰ ਜ਼ਿਲ੍ਹੇ ਵਿਚਲੀ ਪ੍ਰਾਈਵੇਟ ਫੈਕਟਰੀ ਵਿੱਚ 83 ਅਸਾਮੀਆਂ ’ਤੇ ਭਰਤੀ ਲਈ ਨਾਦੌਣ ਵਿੱਚ 17 ਜੂਨ ਨੂੰ ਇੱਕ ਇੰਟਰਵਿਊ ਰੱਖੀ ਹੈ। ਸੋਸ਼ਲ ਮੀਡੀਆ ’ਤੇ ਵਾਇਰਲ ਹੋ ਰਹੇ ਜ਼ਿਲ੍ਹਾ ਰੁਜ਼ਗਾਰ ਅਧਿਕਾਰੀ ਹਮੀਰਪੁਰ ਦੇ ਸੂਚਨਾ ਪੱਤਰ ਅਨੁਸਾਰ ਉਪ ਰੁਜ਼ਗਾਰ ਦਫ਼ਤਰ ਨਾਦੌਣ ਵਿੱਚ ਚੀਮਾ ਬੁਆਇਲਰਜ਼ ਰੂਪਨਗਰ ਵਿੱਚ 83 ਅਸਾਮੀਆਂ ਲਈ ਇੰਟਰਵਿਊ ਹੋਵੇਗੀ। ਇਸ ਪੱਤਰ ਦੀ ਪੁਸ਼ਟੀ ਕਰਨ ਸਬੰਧੀ ਜਦੋਂ ਇਸ਼ਤਿਹਾਰ ’ਚ ਦਿੱਤੇ ਗਏ ਨੰਬਰ ’ਤੇ ਸੰਪਰਕ ਕੀਤਾ ਗਿਆ ਤਾਂ ਨਾਦੌਣ ਦੇ ਉਪ ਰੁਜ਼ਗਾਰ ਅਫ਼ਸਰ ਅਨੀਸ਼ ਨੇ ਉਕਤ ਇੰਟਰਵਿਊ ਦੀ ਪੁਸ਼ਟੀ ਕਰਦਿਆਂ ਦੱਸਿਆ ਕਿ ਚੀਮਾ ਬੁਆਇਲਰਜ਼, ਰੂਪਨਗਰ ਨੂੰ 73 ਆਈਟੀਆਈ ਪਾਸ ਹੁਨਰਮੰਦ ਕਾਮਿਆਂ, ਜਿਨ੍ਹਾਂ ਵਿੱਚ ਫਿਟਰ ਫੈਬਰੀਕੇਸ਼ਨ-25, ਵੈਲਡਿੰਗ-25, ਟਰਨਰ-10 ਤੇ ਇਲੈਕਟ੍ਰੀਸ਼ੀਅਨ ਦੀਆਂ 3 ਅਸਾਮੀਆਂ ਤੋਂ ਇਲਾਵਾ 10 ਆਟੋਕੈਡ/2ਡੀ ਦੀ ਜਾਣਕਾਰੀ ਪ੍ਰਾਪਤ ਡਰਾਫਟਸਮੈਨਾਂ ਦੀ ਲੋੜ ਹੈ। ਉਨ੍ਹਾਂ ਦੱਸਿਆ ਕਿ 17 ਜੂਨ ਨੂੰ ਪੰਜਾਬ ਤੋਂ ਫੈਕਟਰੀ ਦੇ ਨੁਮਾਇੰਦੇ ਇੰਟਰਵਿਊ ਲਈ ਪੁੱਜ ਰਹੇ ਹਨ। ਫੈਕਟਰੀ ਦੇ ਐੱਚਆਰ ਮੁਖੀ ਆਰਕੇ ਸਿੰਘ ਨੇ ਕਿਹਾ ਕਿ ਉਨ੍ਹਾਂ ਨੂੰ ਪੰਜਾਬ ਵਿੱਚ ਲੋੜੀਂਦੇ ਵਰਕਰ ਨਹੀਂ ਮਿਲ ਰਹੇ। ਉਨ੍ਹਾਂ ਕਿਹਾ ਕਿ ਇਸ ਸਬੰਧੀ ਜ਼ਿਲ੍ਹਾ ਰੁਜ਼ਗਾਰ ਅਫ਼ਸਰ, ਰੂਪਨਗਰ ਤੇ ਡੀਸੀ ਦਫ਼ਤਰ ਨਾਲ ਲਗਾਤਾਰ ਸੰਪਰਕ ਕੀਤੇ ਜਾਣ ਦੇ ਬਾਵਜੂਦ ਉਨ੍ਹਾਂ ਨੂੰ ਕੋਈ ਪ੍ਰਤੀਕਿਰਿਆ ਨਹੀਂ ਮਿਲੀ, ਜਿਸ ਮਗਰੋਂ ਹਿਮਾਚਲ ਪ੍ਰਦੇਸ਼ ਵਿੱਚ ਇੰਟਰਵਿਊ ਕਰਵਾਈ ਜਾ ਰਹੀ ਹੈ। ਇਸ ਸਬੰਧੀ ਜ਼ਿਲ੍ਹਾ ਰੁਜ਼ਗਾਰ ਅਫ਼ਸਰ ਰੂਪਨਗਰ ਅਰੁਣ ਨੇ ਕਿਹਾ ਕਿ ਫੈਕਟਰੀ ਵਿੱਚ ਰੱਖੇ ਜਾਣ ਵਾਲੇ ਵਰਕਰਾਂ ਸਬੰਧੀ ਫੈਕਟਰੀ ਨੇ ਉਨ੍ਹਾਂ ਦੇ ਦਫ਼ਤਰ ਨਾਲ ਸੰਪਰਕ ਨਹੀਂ ਕੀਤਾ ਹੈ।