ਅੰਮ੍ਰਿਤਸਰ (ਟ੍ਰਿਬਿਊਨ ਨਿਊਜ਼ ਸਰਵਿਸ): ਪੁਲੀਸ ਨੇ ਇਕ ਅੰਤਰਰਾਜੀ ਨਸ਼ਾ ਤਸਕਰ ਨੂੰ ਗ੍ਰਿਫ਼ਤਾਰ ਕੀਤਾ ਹੈ ਅਤੇ ਉਸ ਕੋਲੋਂ ਹੈਰੋਇਨ, ਡਰੱਗ ਮਨੀ ਅਤੇ ਕਾਰ ਬਰਾਮਦ ਕੀਤੀ ਹੈ। ਮੁਲਜ਼ਮ ਨੂੰ ਗੁਜਰਾਤ ਵਿੱਚੋਂ ਮਿਲੀ 126 ਕਿੱਲੋ ਹੈਰੋਇਨ ਮਾਮਲੇ ਵਿੱਚ ਕਾਬੂ ਕੀਤਾ ਗਿਆ ਹੈ। ਮੁਲਜ਼ਮ ਦੀ ਪਛਾਣ ਰਾਜਬੀਰ ਸਿੰਘ ਵਾਸੀ ਸ਼ਹੀਦ ਊਧਮ ਸਿੰਘ ਨਗਰ ਅੰਮ੍ਰਿਤਸਰ ਵਜੋਂ ਹੋਈ ਹੈ ਜੋ ਆਪਣੀ ਗ੍ਰਿਫਤਾਰੀ ਤੋਂ ਬਚਣ ਲਈ ਛੇਹਰਟਾ ਇਲਾਕੇ ਵਿਚ ਕਿਰਾਏ ਦਾ ਮਕਾਨ ਲੈ ਕੇ ਰਹਿ ਰਿਹਾ ਸੀ। ਇਸ ਸਬੰਧ ਵਿੱਚ ਡੀਜੀਪੀ ਗੌਰਵ ਯਾਦਵ ਵੱਲੋਂ ਇਕ ਬਿਆਨ ਰਾਹੀਂ ਦੱਸਿਆ ਗਿਆ ਹੈ ਕਿ ਇਸ ਵਿਅਕਤੀ ਨੂੰ ਸਟੇਟ ਸਪੈਸ਼ਲ ਅਪਰੇਸ਼ਨ ਸੈੱਲ ਦੀ ਪੁਲੀਸ ਨੇ ਗ੍ਰਿਫ਼ਤਾਰ ਕੀਤਾ ਹੈ। ਉਸ ਕੋਲੋਂ 128 ਗ੍ਰਾਮ ਹੈਰੋਇਨ, 9 ਲੱਖ ਸੱਠ ਹਜ਼ਾਰ ਰੁਪਏ ਡਰੱਗ ਮਨੀ, ਇਲੈਟ੍ਰਿਕ ਕੰਡਾ ਤੇ ਇੱਕ ਕਾਰ ਮਿਲੀ ਹੈ। ਉਨ੍ਹਾਂ ਦੱਸਿਆ ਕਿ ਮੁੱਢਲੀ ਪੁੱਛ-ਪੜਤਾਲ ਦੌਰਾਨ ਪਤਾ ਲੱਗਾ ਹੈ ਕਿ ਇਹ ਨਸ਼ਾ ਤਸਕਰ ਆਪਣੇ ਸਾਥੀ ਜੋ ਕਿ ਪੱਟੀ ਦਾ ਵਾਸੀ ਹੈ, ਕੋਲੋਂ ਨਸ਼ੀਲੇ ਪਦਾਰਥ ਪ੍ਰਾਪਤ ਕਰਦਾ ਸੀ। ਇਹ ਦੋਵੇਂ ਮਾਰਚ ਦੇ ਮਹੀਨੇ ਵਿੱਚ ਆਪੋ ਆਪਣੀਆਂ ਕਾਰਾਂ ਰਾਹੀਂ ਗੁਜਰਾਤ ਦੇ ਜਾਮਨਗਰ ਵਿੱਚ ਗਏ ਸਨ, ਜਿੱਥੋਂ ਇਨ੍ਹਾਂ ਨੇ ਨਸ਼ੀਲੇ ਪਦਾਰਥ ਲੈ ਕੇ ਆਉਣੇ ਸਨ। ਗ੍ਰਿਫ਼ਤਾਰ ਕੀਤਾ ਰਾਜਬੀਰ ਸਿੰਘ ਆਪਣੀ ਸੱਸ ਰਾਜਵੰਤ ਕੌਰ ਨੂੰ ਵੀ ਆਪਣੇ ਨਾਲ ਲੈ ਕੇ ਗਿਆ ਸੀ। ਗੁਜਰਾਤ ਦੀ ਪੁਲੀਸ ਰਾਜਵੰਤ ਕੌਰ ਨੂੰ ਪਹਿਲਾਂ ਹੀ ਗ੍ਰਿਫਤਾਰ ਕਰ ਚੁੱਕੀ ਹੈ। ਇਸ ਕੇਸ ਵਿਚ ਇਕ ਮਛੇਰੇ ਅਮੀਨ ਨੂੰ ਵੀ ਗ੍ਰਿਫ਼ਤਾਰ ਕੀਤਾ ਜਾ ਚੁੱਕਾ ਹੈ ਜਿਸ ਦਾ ਸਬੰਧ ਪਾਕਿਸਤਾਨੀ ਤਸਕਰਾਂ ਨਾਲ ਸੀ।