ਸਰਬਜੀਤ ਸਿੰਘ ਭੰਗੂ
ਪਟਿਆਲਾ, 8 ਮਾਰਚ
ਅੱਜ ਕੌਮਾਂਤਰੀ ਔਰਤ ਦਿਵਸ ’ਤੇ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਵੱਲੋਂ ਜ਼ਿਲ੍ਹੇ ਦੀਆਂ ਔਰਤਾਂ ਵੱਲੋਂ ਵਿਸ਼ਾਲ ਇਕੱਤਰਤਾ ਕਰਕੇ ਵੱਡੀ ਰੈਲੀ ਕੀਤੀ ਗਈ। ਰੈਲੀ ਦੀ ਸ਼ੁਰੂਆਤ ਔਰਤ ਆਗੂਆਂ ਤੇ ਕਿਸਾਨੀ ਘੋਲ ਵਿੱਚ ਸ਼ਹੀਦ ਹੋਈਆਂ ਔਰਤਾਂ ਨੂੰ ਸਰਧਾਂਜਲੀ ਭੇਟ ਕੀਤੀ ਗਈ।ਇਸ ਮੌਕੇ ਗੁਰਪ੍ਰੀਤ ਕੌਰ ਬਰਾਸ ਵੱਲੋਂ ਔਰਤ ਦਿਵਸ ਨਾਲ ਸਬੰਧਤ ਇਤਿਹਾਸ ਨੂੰ ਸਾਂਝਾ ਕੀਤਾ ਗਿਆ। ਅਮਨਦੀਪ ਕੌਰ ਦੌਣ ਵੱਲੋਂ ਔਰਤਾਂ ਦੀ ਸੰਘਰਸ਼ਾਂ ਵਿੱਚ ਠੋਸ ਮੌਜੂਦਗੀ ਬਾਰੇ ਬਿਆਨ ਕੀਤਾ ਗਿਆ। ਨਾਭਾ ਬਲਾਕ ਤੋਂ ਆਗੂ ਮਨਪ੍ਰੀਤ-ਸੁਖਵਿੰਦਰ ਕੁਲਾਰਾਂ ਵੱਲੋਂ ਦੱਸਿਆ ਗਿਆ ਪਿਛਲੇ ਸਮੇਂ ਵਿੱਚ ਔਰਤਾਂ ਵੱਲੋਂ ਟੌਲ ਪਲਾਜ਼ਿਆ, ਰਿਲਾਇੰਸ ਪੈਟਰੋਲ ਪੰਪਾ, ਬਾਦਲ ਤੇ ਪਟਿਆਲਾ ਲੱਗੇ ਮੋਰਚਿਆਂ, ਭਾਜਪਾ ਆਗੂਆਂ ਦੇ ਵਿਰੋਧ, ਵੱਖ -ਵੱਖ ਦਿਹਾੜੇ ਮਨਾਉਣ ਵਿੱਚ ਪਿੰਡਾਂ ਵਿੱਚ ਕੀਤੀਆਂ ਵੱਡੀਆਂ ਲਾਮਬੰਦੀਆਂ, ਰਾਸ਼ਨ ਤੇ ਫੰਡ ਮੁਹਿੰਮਾਂ , ਲੰਗਰਾਂ ਵਿੱਚ ਯੋਗਦਾਨ, ਮਜਦੂਰਾਂ ਤੇ ਮੁਲਾਜ਼ਮਾਂ ਦੇ ਸ਼ੰਘਰਸ਼ਾ ਵਿੱਚ ਪਾਏ ਯੋਗਦਾਨ ਬਾਰੇ ਇਕੱਠ ਅੱਗੇ ਸੰਬੋਧਨ ਕੀਤਾ। ਡੈਮੋਕ੍ਰੇਟਿਕ ਟੀਚਰਜ਼ ਫਰੰਟ ਪੰਜਾਬ ਦੇ ਸੂਬਾ ਆਗੂ ਸਨੇਹ ਦੀਪ ਵੱਲੋਂ ਅੱਜ ਦੀ ਇਕੱਤਰਤਾ ਵਿੱਚ ਬਲਾਕਾਂ ਤੇ ਪਿੰਡਾਂ ਵਿੱਚ ਹੋਈਆਂ ਮੀਟਿੰਗਾਂ ਦਾ ਜ਼ਿਕਰ ਕੀਤਾ। ਇਨ੍ਹਾਂ ਤੋਂ ਇਲਾਵਾ ਮਨਮੀਤ ਕੌਰ, ਦਵਿੰਦਰ ਕੌਰ ਹਰਦਾਸਪੁਰ, ਗੁਰਮੀਤ ਕੌਰ ਬਾਰਨ, ਕੁਲਵਿੰਦਰ ਕੌਰ ਬਰਾਸ ਤੇ ਹੋਰ ਔਰਤਾਂ ਆਗੂਆਂ ਵੱਲੋਂ ਵਿਚਾਰ ਤੇ ਸ਼ੰਘਰਸ਼ੀ ਕਵਿਤਾਵਾਂ ਪੇਸ਼ ਕੀਤੀਆਂ ਗਈਆਂ। ਰੈਲੀ ਦੇ ਅੰਤਿਮ ਪੜਾਅ ਵਿੱਚ ਜ਼ਿਲ੍ਹਾ ਪ੍ਰਧਾਨ ਮਨਜੀਤ ਸਿੰਘ ਨਿਆਲ ਵੱਲੋਂ ਔਰਤਾਂ ਵੱਲੋਂ ਨਿਭਾਈ ਸ਼ਾਨਦਾਰ ਭੂਮਿਕਾ ਦੀ ਸ਼ਲਾਘਾ ਕੀਤੀ।
ਇਸ ਦੌਰਾਨ ਕੌਮਾਂਤਰੀ ਮਹਿਲਾ ਦਿਵਸ ਮੌਕੇ ਪੰਜਾਬੀ ਯੂਨੀਵਰਸਿਟੀ ਵਿੱਚ ਪੰਜਾਬ ਸਟੂਡੈਂਟਸ ਯੂਨੀਅਨ (ਲਲਕਾਰ) ਵੱਲੋਂ ਕੁੜੀਆਂ ਦੀ ਅਗਵਾਈ ‘ਚ ਮਾਰਚ ਕੱਢਿਆ ਗਿਆ ਜਿਸ ਵਿਚ 300 ਦੇ ਕਰੀਬ ਵਿਦਿਆਰਥੀ ਸ਼ਾਮਲ ਹੋਏ। ਇਸ ਮਾਰਚ ਵਿੱਚ ਯੂਨੀਵਰਸਿਟੀ ਦੇ ਹੋਸਟਲਾਂ ’ਚ ਕੰਮ ਕਰਨ ਵਾਲੀਆਂ ਔਰਤਾਂ ਵਿਸ਼ੇਸ਼ ਤੌਰ ‘ਤੇ ਸ਼ਾਮਲ ਹੋਈਆਂ।
ਮਾਰਚ ਤੋਂ ਪਹਿਲਾਂ ਗੁਰੂ ਗ੍ਰੰਥ ਸਾਹਿਬ ਭਵਨ ਕੋਲ਼ ਇਕੱਠ ਕਰਕੇ ਵਿਦਿਆਰਥੀਆਂ ਵੱਲੋਂ ਗੀਤ, ਕਵਿਤਾਵਾਂ ਪੇਸ਼ ਕੀਤੇ ਗਏ ਤੇ ਬੁਲਾਰਿਆਂ ਨੇ ਸੰਬੋਧਨ ਕੀਤਾ। ਇਸ ਮੌਕੇ ਪੀਐੱਸਯੂ(ਲਲਕਾਰ) ਦੀ ਯੂਨੀਵਰਸਿਟੀ ਇਕਾਈ ਦੀ ਸਕੱਤਰ ਸੰਦੀਪ ਕੌਰ ਨੇ ਕੌਮਾਂਤਰੀ ਔਰਤ ਦਿਵਸ ਦਾ ਇਤਿਹਾਸ ਦੱਸਿਆ। ਸੂਬਾ ਆਗੂ ਸ਼੍ਰਿਸਟੀ ਨੇ ਕਿਹਾ ਕਿ ਅੱਜ ਔਰਤਾਂ ਦੀ ਬਰਾਬਰੀ, ਅਜ਼ਾਦੀ ਦਾ ਸਵਾਲ ਬਹੁਤ ਅਹਿਮ ਮਸਲਾ ਹੈ। ਪ੍ਰੋਗਾਰਮ ਦਾ ਮੰਚ ਸੰਚਾਲਨ ਪਰਮਿੰਦਰ ਕੌਰ ਨੇ ਕੀਤਾ। ਅਰਸ਼, ਰਿੰਮੀ, ਵੀਰਪਾਲ ਤੇ ਹੋਰਾਂ ਵੱਲੋਂ ਕਵਿਤਾਵਾਂ ਤੇ ਗੀਤ ਪੇਸ਼ ਕੀਤੇ ਗਏ। ਨਾਦ ਰੰਗ ਮੰਚ ਵਲੋਂ ਹਰਸ਼ ਨੇ ਨਾਟਕ ਆਟੇ ਦੀਆਂ ਚਿੜੀਆਂ ਪੇਸ਼ ਕੀਤਾ।
ਭਵਾਨੀਗੜ੍ਹ(ਮੇਜਰ ਸਿੰਘ ਮੱਟਰਾਂ): ਅੱਜ ਇੱਥੇ ਨੇੜੇ ਅਨਾਜ ਮੰਡੀ ਰਾਮਪੁਰਾ ਵਿਖੇ ਭਾਰਤੀ ਕਿਸਾਨ ਯੂਨੀਅਨ ਡਕੌਂਦਾ ਦੀ ਅਗਵਾਈ ਹੇਠ ਬਲਾਕ ਪੱਧਰੀ ’ਤੇ ਔਰਤ ਦਿਵਸ ਮਨਾਇਆ ਗਿਆ। ਇਸ ਮੌਕੇ ਯੂਨੀਅਨ ਦੇ ਔਰਤ ਵਿੰਗ ਵੱਲੋਂ ਬਲਵਿੰਦਰ ਕੌਰ, ਬੇਅੰਤ ਕੌਰ, ਮਨਪ੍ਰੀਤ ਕੌਰ, ਸ਼ਿੰਦਰ ਕੌਰ ਅਤੇ ਜਸਮੇਲ ਕੌਰ ਨੇ ਕਿਹਾ ਕਿ ਜਦੋਂ ਤੱਕ ਘਰ ਅਤੇ ਸਮਾਜ ਵਿੱਚ ਔਰਤਾਂ ਨੂੰ ਬਰਾਬਰ ਦਾ ਸਤਿਕਾਰ ਤੇ ਪਿਆਰ ਨਹੀਂ ਮਿਲਦਾ, ਉਦੋਂ ਤੱਕ ਕੋਈ ਵੀ ਸਮਾਜ ਤੇ ਦੇਸ਼ ਤਰੱਕੀ ਨਹੀਂ ਕਰ ਸਕਦਾ। ਇਸ ਮੌਕੇ ਯੂਨੀਅਨ ਦੇ ਜ਼ਿਲ੍ਹਾ ਪ੍ਰਧਾਨ ਗੁਰਮੀਤ ਸਿੰਘ ਭੱਟੀਵਾਲ, ਬਲਾਕ ਪ੍ਰਧਾਨ ਕਰਮ ਸਿੰਘ ਬਲਿਆਲ ਅਤੇ ਸੁਖਦੇਵ ਸਿੰਘ ਬਾਲਦ ਕਲਾਂ ਨੇ ਵਿਚਾਰ ਸਾਂਝੇ ਕੀਤੇ।