ਦਵਿੰਦਰ ਪਾਲ
ਚੰਡੀਗੜ੍ਹ, 4 ਫਰਵਰੀ
ਕੌਮਾਂਤਰੀ ਪੱਧਰ ਦੀਆਂ ਹਸਤੀਆਂ ਵੱਲੋਂ ਕਿਸਾਨੀ ਅੰਦੋਲਨ ਦੇ ਪੱਖ ’ਚ ਨਿੱਤਰਨ ਦਾ ਅਸਰ ਪੰਜਾਬ ’ਚ ਚੱਲ ਰਹੇ ਸੰਘਰਸ਼ੀ ਅਖਾੜਿਆਂ ਤੋਂ ਵੀ ਦੇਖਿਆ ਜਾ ਸਕਦਾ ਹੈ। ਸੂਬੇ ਵਿੱਚ ਚੱਲ ਰਹੇ ਸਵਾ ਸੌ ਥਾਵਾਂ ਤੋਂ ਵੱਧ ਧਰਨਿਆਂ ਦੌਰਾਨ ਕਿਸਾਨਾਂ ਨੇ ਕਿਹਾ ਕਿ ਮੋਦੀ ਸਰਕਾਰ ਵੱਲੋਂ ਮਨੁੱਖੀ ਹੱਕਾਂ ਦੀ ਉਲੰਘਣਾ ਅਤੇ ਤਾਨਾਸ਼ਹੀ ਵਤੀਰੇ ਦਾ ਧਿਆਨ ਕੌਮਾਂਤਰੀ ਪੱਧਰ ’ਤੇ ਜਾਣਾ ਹੀ ਕਿਸਾਨੀ ਅੰਦੋਲਨ ਦੀ ਸਭ ਤੋਂ ਵੱਡੀ ਸਫ਼ਲਤਾ ਹੈ।
ਸੂਬੇ ਦੀਆਂ 32 ਕਿਸਾਨ ਜਥੇਬੰਦੀਆਂ ਦੀ ਅਗਵਾਈ ਹੇਠ ਸਵਾ ਸੌ ਤੋਂ ਵੱਧ ਥਾਵਾਂ ’ਤੇ ਕਿਸਾਨਾਂ ਵੱਲੋਂ ਪਿਛਲੇ ਚਾਰ ਮਹੀਨਿਆਂ ਦੇ ਵੀ ਵੱਧ ਸਮੇਂ ਤੋਂ ਅਣਮਿਥੇ ਸਮੇਂ ਦੇ ਧਰਨੇ ਦਿਨ-ਰਾਤ ਜਾਰੀ ਹਨ। ਇਨ੍ਹਾਂ ਵਿੱਚ ਭਾਰਤੀ ਜਨਤਾ ਪਾਰਟੀ ਨਾਲ ਸਬੰਧਤ ਨੇਤਾਵਾਂ ਦੇ ਘਰਾਂ ਮੂਹਰੇ, ਟੌਲ ਪਲਾਜ਼ਿਆਂ ਉਪਰ, ਅੰਬਾਨੀ ਤੇ ਅਡਾਨੀ ਦੇ ਕਾਰੋਬਾਰੀ ਟਿਕਾਣਿਆਂ ਮੂਹਰੇ, ਰੇਲਵੇ ਸਟੇਸ਼ਨਾਂ ਦੇ ਪਾਰਕਾਂ ਅੰਦਰ, ਨਿੱਜੀ ਖੇਤਰ ਦੇ ਥਰਮਲ ਪਲਾਂਟ ਅਤੇ ਮੋਗਾ ਦੇ ਸਾਈਲੋ ਦੇ ਬਾਹਰ ਧਰਨੇ ਸ਼ਾਮਲ ਹਨ। ਕਿਸਾਨ ਬੁਲਾਰਿਆਂ ਨੇ ਧਰਨਿਆਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਮੋਦੀ ਸਰਕਾਰ ਦੀ ਹਰ ਚਾਲ ਪੁੱਠੀ ਪੈ ਰਹੀ ਹੈ। ਉਨ੍ਹਾਂ ਕਿਹਾ ਕਿ ਕਿਸਾਨਾਂ ਦੀਆਂ ਮੰਗਾਂ ਨਾ ਮੰਨ ਕੇ ਅਤੇ ਕਿਸਾਨੀ ਅੰਦੋਲਨ ਨੂੰ ਲੰਮਾ ਖਿੱਚ ਕੇ ਸਰਕਾਰ ਨੇ ਆਪਣੇ ਪੈਰ ’ਤੇ ਕੁਹਾੜੀ ਮਾਰੀ ਹੈ। ਬੁਲਾਰਿਆਂ ਨੇ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਸੱਤਾ ਸੰਭਾਲਣ ਤੋਂ ਬਾਅਦ ਵਿਸ਼ਵ ਵਿਆਪੀ ਪ੍ਰਚਾਰ ਰਾਹੀਂ ਲੋਕਾਂ ਦੀਆਂ ਅੱਖਾਂ ’ਚ ਘੱਟਾ ਪਾਉਣ ਦੇ ਯਤਨ ਕੀਤੇ ਗਏ ਸਨ। ਕਿਸਾਨੀ ਅੰਦੋਲਨ ਦੌਰਾਨ ਸਰਕਾਰ ਵੱਲੋਂ ਅਖਤਿਆਰ ਕੀਤੇ ਹੈਂਕੜ ਭਰੇ ਵਤੀਰੇ ਨੇ ਸਾਰੀ ਦੁਨੀਆਂ ਦੇ ਸਾਹਮਣੇ ਭਾਰਤ ਸਰਕਾਰ, ਭਾਜਪਾ ਅਤੇ ਹਾਕਮਾਂ ਦੇ ਹਮਾਇਤੀਆਂ ਦੀ ਅਸਲੀਅਤ ਸਾਹਮਣੇ ਲਿਆਂਦੀ ਹੈ। ਕਿਸਾਨ ਬੁਲਾਰਿਆਂ ਨੇ ਕਿਹਾ ਕਿ ਕੌਮਾਂਤਰੀ ਪੱਧਰ ਦੀਆਂ ਹਸਤੀਆਂ ਵੱਲੋਂ ਸੋਸ਼ਲ ਮੀਡੀਆ ਰਾਹੀਂ ਕੀਤੀਆਂ ਗਈਆਂ ਟਿੱਪਣੀਆਂ ਦੇ ਜਵਾਬ ਵਿੱਚ ਮੋਦੀ ਸਰਕਾਰ ਆਪਣੇ ਚੰਦ ਭਾੜੇ ਦੇ ਹਮਾਇਤੀਆਂ ਵੱਲੋਂ ਜਿਸ ਤਰ੍ਹਾਂ ਦਾ ਕੂੜ ਪ੍ਰਚਾਰ ਕਰਾ ਰਹੀ ਹੈ, ਉਸ ਨੇ ਵੀ ਸਰਕਾਰ ਦਾ ਜਲੂਸ ਹੀ ਕੱਢਿਆ ਹੈ। ਕਿਸਾਨ ਆਗੂਆਂ ਨੇ ਕਿਹਾ ਕਿ ਸਰਕਾਰ ਨੂੰ ਅਜੇ ਵੀ ਕੰਧ ’ਤੇ ਲਿਖਿਆ ਪੜ੍ਹ ਲੈਣਾ ਚਾਹੀਦਾ ਹੈ ਤੇ ਤਿੰਨੋ ਕਾਲੇ ਕਾਨੂੰਨ ਵਾਪਸ ਲੈ ਕੇ ਅੰਤਰਰਾਸ਼ਟਰੀ ਪੱਧਰ ’ਤੇ ਹੋ ਰਹੀ ਬਦਨਾਮੀ ਤੋਂ ਬਚਣਾ ਚਾਹੀਦਾ ਹੈ।
ਖੇਤੀ ਕਾਨੂੰਨ ਰੱਦ ਹੋਣ ਤਕ ਸੰਘਰਸ਼ ਜਾਰੀ ਰੱਖਣ ਦਾ ਅਹਿਦ
ਭਾਰਤੀ ਕਿਸਾਨ ਯੂਨੀਅਨ ਏਕਤਾ (ਉਗਰਾਹਾਂ) ਦੇ ਜਨਰਲ ਸਕੱਤਰ ਸੁਖਦੇਵ ਸਿੰਘ ਕੋਕਰੀ ਕਲਾਂ ਅਤੇ ਭਾਰਤੀ ਕਿਸਾਨ ਯੂਨੀਅਨ (ਡਕੌਂਦਾ) ਦੇ ਜਨਰਲ ਸਕੱਤਰ ਜਗਮੋਹਨ ਸਿੰਘ ਨੇ ਦੱਸਿਆ ਕਿ ਪੰਜਾਬ ਦੇ ਕਿਸਾਨਾਂ ਨੂੰ 6 ਫਰਵਰੀ ਦੇ ਭਾਰਤ ਬੰਦ ਲਈ ਲਾਮਬੰਦ ਕੀਤਾ ਜਾ ਰਿਹਾ ਹੈ। ਉਨ੍ਹਾਂ ਇਹ ਵੀ ਦੱਸਿਆ ਕਿ ਪੰਜਾਬ ਤੋਂ ਦਿੱਲੀ ਮੋਰਚੇ ਦੀ ਮਜ਼ਬੂਤੀ ਲਈ ਕਿਸਾਨਾਂ ਦੇ ਕਾਫ਼ਲੇ ਲਗਾਤਾਰ ਕੂਚ ਕਰ ਰਹੇ ਹਨ। ਕਿਸਾਨ ਆਗੂਆਂ ਨੇ ਦਾਅਵਾ ਕੀਤਾ ਕਿ ਪੰਜਾਬ ’ਚ ਚੱਲ ਰਹੇ ਧਰਨਿਆਂ ਦੌਰਾਨ ਵੀ ਅੰਦੋਲਨਕਾਰੀ ਕਿਸਾਨਾਂ ਅਤੇ ਬੀਬੀਆਂ ਦਾ ਜੋਸ਼ ਵਧਦਾ ਜਾ ਰਿਹਾ ਹੈ। ਉਨ੍ਹਾਂ ਦੱਸਿਆ ਕਿ ਕੌਮਾਂਤਰੀ ਪੱਧਰ ਦੀਆਂ ਹਸਤੀਆਂ ਵੱਲੋਂ ਕਿਸਾਨ ਅੰਦੋਲਨ ਦੀ ਕੀਤੀ ਹਮਾਇਤ ’ਤੇ ਕਿਸਾਨਾਂ ਨੇ ਧੰਨਵਾਦ ਕੀਤਾ। ਕਿਸਾਨ ਬੁਲਾਰਿਆਂ ਨੇ ਕਿਹਾ ਕਿ 26 ਨਵੰਬਰ ਤੋਂ ਲੈ ਕੇ ਕਿਸਾਨੀ ਅੰਦੋਲਨ ਨੂੰ ਬਦਨਾਮ ਕਰਨ ਅਤੇ ਫੇਲ੍ਹ ਕਰਨ ਲਈ ਮੋਦੀ ਸਰਕਾਰ ਅਤੇ ਜਨ ਸੰਘ ਦੇ ਹਮਾਇਤੀਆਂ ਨੇ ਲਗਾਤਾਰ ਸਾਜਿਸ਼ਾਂ ਰਚੀਆਂ। ਇੱਥੋਂ ਤੱਕ ਕਿ 26 ਜਨਵਰੀ ਵਾਲੇ ਦਿਨ ਵੀ ਭਾੜੇ ਦੇ ਲੋਕਾਂ ਤੋਂ ਅਣ ਸੁਖਾਵੀਆਂ ਘਟਨਾਵਾਂ ਨੂੰ ਅੰਜ਼ਾਮ ਦਿਵਾਇਆ ਪਰ ਸਰਕਾਰ ਦੀਆਂ ਚਾਲਾਂ ਕਿਸਾਨੀ ਅੰਦੋਲਨ ਨੂੰ ਢਾਅ ਲਾਉਣ ਦੀ ਥਾਂ ਕੌਮਾਂਤਰੀ ਪੱਧਰ ’ਤੇ ਬਦਨਾਮੀ ਦਾ ਅਧਾਰ ਬਣਦੀਆਂ ਜਾ ਰਹੀਆਂ ਹਨ। ਕਿਸਾਨ ਬੁਲਾਰਿਆਂ ਨੇ ਰਾਜਸੀ ਪਾਰਟੀਆਂ ਨੂੰ ਵੀ ਸਵਾਲ ਕੀਤਾ ਕਿ ਜਦੋਂ ਭਾਰਤ ਨੂੰ ਦੁਨੀਆਂ ਦੀ ਸਭ ਤੋਂ ਵੱਡੀ ਜਮਹੂਰੀਅਤ ਕਿਹਾ ਜਾਂਦਾ ਹੈ ਤਾਂ ਕੀ ਜਮਹੂਰੀਅਤ ਵਿੱਚ ਸ਼ਾਂਤਮਈ ਅੰਦੋਲਨ ਕਰ ਰਹੇ ਲੋਕਾਂ ਨੂੰ ਤਸੀਹੇ ਦੇਣ ਦਾ ਰਾਹ ਚੁਣਿਆ ਜਾਂਦਾ ਹੈ ਜਾਂਮੰਗਾਂ ਮੰਨਣ ਲਈ ਜਮਹੂਰੀ ਤੌਰ ਤਰੀਕੇ ਅਪਣਾਏ ਜਾਂਦੇ ਹਨ। ਉਨ੍ਹਾਂ ਕਿਹਾ ਕਿ ਦੁਨੀਆਂ ਦੀ ਵੱਡੀ ਜਮਹੂਰੀਅਤ ਵੱਲ ਹੁਣ ਦੁਨੀਆਂ ਨੇ ਨਜ਼ਰਾਂ ਟਿਕਾ ਲਈਆਂ ਹਨ, ਇਸ ਲਈ ਸਪੱਸ਼ਟ ਹੈ ਕਿ ਮੋਦੀ ਸਰਕਾਰ ਨੂੰ ਕਾਨੂੰਨ ਵੀ ਵਾਪਸ ਲੈਣੇ ਪੈਣਗੇ ਤੇ ਹੰਕਾਰ ਛੱਡ ਕੇ ਝੁਕਣਾ ਵੀ ਪਵੇਗਾ।