ਸੁਖਵਿੰਦਰ ਪਾਲ ਸੋਢੀ
ਚੰਡੀਗੜ੍ਹ, 20 ਅਗਸਤ
ਸੈਂਟਰਲ ਬੋਰਡ ਆਫ ਸੈਕੰਡਰੀ ਐਜੂਕੇਸ਼ਨ (ਸੀਬੀਐੱਸਈ) ਨੇ ਦੇਸ਼ ਭਰ ਦੇ ਸਕੂਲਾਂ ਨੂੰ ਨਿਰਦੇਸ਼ ਦਿੱਤੇ ਹਨ ਕਿ ਉਹ ਆਪਣੇ ਸਕੂਲਾਂ ਵਿਚ ਲੋੜ ਅਨੁਸਾਰ ਅਧਿਆਪਕਾਂ ਦੀ ਨਿਯੁਕਤੀ ਕਰਨ। ਬੋਰਡ ਨੂੰ ਇਹ ਸ਼ਿਕਾਇਤਾਂ ਮਿਲੀਆਂ ਹਨ ਕਿ ਵੱਡੀ ਗਿਣਤੀ ਨਿੱਜੀ ਸਕੂਲ ਆਪਣੇ ਸਕੂਲਾਂ ਵਿਚ ਅਧਿਆਪਕ ਭਰਤੀ ਨਹੀਂ ਕਰ ਰਹੇ ਤੇ ਲੋੜੋਂ ਵੱਧ ਵਿਦਿਆਰਥੀਆਂ ਨੂੰ ਦਾਖਲੇ ਦੇ ਰਹੇ ਹਨ ਜਿਸ ਕਾਰਨ ਸਕੂਲਾਂ ਵਿਚ ਅਧਿਆਪਕ-ਵਿਦਿਆਰਥੀ ਅਨੁਪਾਤ ਵਿਗੜ ਰਿਹਾ ਹੈ। ਬੋਰਡ ਨੇ ਸਕੂਲਾਂ ਨੂੰ ਕਿਹਾ ਹੈ ਕਿ ਉਹ ਜਮਾਤਾਂ ਦੇ ਇਕ ਸੈਕਸ਼ਨ ਵਿਚ 40 ਤੋਂ ਵੱਧ ਵਿਦਿਆਰਥੀ ਨਾ ਬਿਠਾਉਣ। ਇਹ ਵੀ ਪਤਾ ਲੱਗਾ ਹੈ ਕਿ ਪੰਜਾਬ ਤੇ ਚੰਡੀਗੜ੍ਹ ਦੇ ਕਈ ਨਿੱਜੀ ਸਕੂਲਾਂ ਦੇ ਇਕ-ਇਕ ਸੈਕਸ਼ਨ ਵਿਚ 70 ਤੋਂ 80 ਵਿਦਿਆਰਥੀ ਸਿੱਖਿਆ ਲੈ ਰਹੇ ਹਨ। ਦੱਸਣਾ ਬਣਦਾ ਹੈ ਕਿ ਨਵੀਂ ਸਿੱਖਿਆ ਨੀਤੀ ਤਹਿਤ ਪ੍ਰਾਇਮਰੀ ਪੱਧਰ ’ਤੇ ਇਕ ਸੈਕਸ਼ਨ ਵਿਚ 30 ਤੇ ਸੈਕੰਡਰੀ ਪੱਧਰ ’ਤੇ 35 ਵਿਦਿਆਰਥੀ ਹੀ ਸਿੱਖਿਆ ਹਾਸਲ ਕਰ ਸਕਦੇ ਹਨ ਪਰ ਇਸ ਮਾਪਦੰਡ ਨੂੰ ਕੋਈ ਸਕੂਲ ਅਮਲ ਵਿਚ ਨਹੀਂ ਲਿਆ ਰਿਹਾ। ਮੁਹਾਲੀ ਸੀਬੀਐੱਸਈ ਬੋਰਡ ਦੇ ਖੇਤਰੀ ਅਧਿਕਾਰੀ ਸ਼ਿਆਮ ਕਪੂਰ ਨੇ ਦੱਸਿਆ ਕਿ ਸਕੂਲਾਂ ਵਿਚ ਅਧਿਆਪਕਾਂ ਦੀ ਘਾਟ ਪੂਰੀ ਕਰਨ ਦਾ ਪੱਤਰ ਨਵੀਂ ਦਿੱਲੀ ਮੁੱਖ ਦਫ਼ਤਰ ਤੋਂ ਜਾਰੀ ਹੋਇਆ ਹੈ।
ਸੀਬੀਐੱਸਈ ਨੂੰ ਭੇਜੇ ਵੇਰਵਿਆਂ ਤੋਂ ਹੋਇਆ ਖੁਲਾਸਾ
ਸੀਬੀਐਸਈ ਦੇ ਇਕ ਅਧਿਕਾਰੀ ਨੇ ਦੱਸਿਆ ਕਿ ਸਕੂਲਾਂ ਨੇ ਨੌਵੀਂ ਤੇ ਗਿਆਰ੍ਹਵੀਂ ਜਮਾਤ ਦੇ ਵਿਦਿਆਰਥੀਆਂ ਦੀ ਰਜਿਸਟਰੇਸ਼ਨ ਕਰਵਾਉਣ ਲਈ ਬੋਰਡ ਨੂੰ ਵਿਦਿਆਰਥੀਆਂ ਦੇ ਵੇਰਵੇ ਭੇਜੇ ਹਨ। ਇਸ ਦੀ ਜਾਂਚ ਕਰਨ ’ਤੇ ਪਤਾ ਲੱਗਿਆ ਹੈ ਕਿ ਕਈ ਜਮਾਤਾਂ ਵਿਚ ਅਧਿਆਪਕ-ਵਿਦਿਆਰਥੀ ਅਨੁਪਾਤ ਦਾ ਪਾਲਣ ਨਹੀਂ ਕੀਤਾ ਜਾ ਰਿਹਾ। ਇਸ ਤੋਂ ਇਲਾਵਾ ਯੂ-ਡਾਇਸ ਪਲੱਸ ਦੇ ਅੰਕੜਿਆਂ ਤੋਂ ਸਾਹਮਣੇ ਆਇਆ ਹੈ ਕਿ ਨਿੱਜੀ ਸਕੂਲਾਂ ਵਿਚ ਅਧਿਆਪਕਾਂ ਦੀ ਖਾਸੀ ਕਮੀ ਹੈ ਜਿਸ ਨੂੰ ਦੂਰ ਕਰਨ ਲਈ ਕਿਹਾ ਗਿਆ ਹੈ।