ਚੰਡੀਗੜ੍ਹ: ਪੰਜਾਬ ਦੇ ਗ੍ਰਹਿ ਵਿਭਾਗ ਨੇ ਉੱਤਰ ਪ੍ਰਦੇਸ਼ ਸਰਕਾਰ ਨੂੰ ਕਿਹਾ ਹੈ ਕਿ ਉਹ ਗੈਂਗਸਟਰ ਤੋਂ ਸਿਆਸਤਦਾਨ ਬਣੇ ਮੁਖਤਾਰ ਅੰਸਾਰੀ ਦੀ ਹਿਰਾਸਤ 8 ਅਪਰੈਲ ਤੱਕ ਰੂਪਨਗਰ ਜੇਲ੍ਹ ਤੋਂ ਲੈ ਲਵੇ। ਉੱਤਰ ਪ੍ਰਦੇਸ਼ ’ਚ ਕਈ ਮਾਮਲਿਆਂ ’ਚ ਨਾਮਜ਼ਦ ਵਿਧਾਇਕ ਮੁਖਤਾਰ ਅੰਸਾਰੀ ਕਥਿਤ ਜਬਰੀ ਵਸੂਲੀ ਦੇ ਇੱਕ ਮਾਮਲੇ ’ਚ 2019 ਤੋਂ ਪੰਜਾਬ ਦੀ ਰੂਪਨਗਰ ਜ਼ਿਲ੍ਹਾ ਜੇਲ੍ਹ ’ਚ ਬੰਦ ਹੈ। ਉੱਤਰ ਪ੍ਰਦੇਸ਼ ਦੇ ਵਧੀਕ ਮੁੱਖ ਸਕੱਤਰ (ਗ੍ਰਹਿ) ਨੂੰ ਲਿਖੇ ਪੱਤਰ ਵਿੱਚ ਪੰਜਾਬ ਦੇ ਗ੍ਰਹਿ ਵਿਭਾਗ ਨੇ ਵਿਚਾਰ ਅਧੀਨ ਕੈਦੀ ਅੰਸਾਰੀ ਦੀ ਜੇਲ੍ਹ ਤਬਦੀਲੀ ਲਈ ਢੁੱਕਵੇਂ ਇੰਤਜ਼ਾਮ ਕਰਨ ਲਈ ਕਿਹਾ ਹੈ। ਪੱਤਰ ’ਚ ਕਿਹਾ ਗਿਆ ਕਿ ਜ਼ਿਲ੍ਹਾ ਜੇਲ੍ਹ ਰੂਪਨਗਰ ’ਚ ਕੈਦੀ ਅੰਸਾਰੀ ਨੂੰ 8 ਅਪਰੈਲ ਜਾਂ ਇਸ ਤੋਂ ਪਹਿਲਾਂ ਉੱਤਰ ਪ੍ਰਦੇਸ਼ ਨੂੰ ਸੌਂਪਿਆ ਜਾਵੇਗਾ। ਪੱਤਰ ਵਿੱਚ ਇਹ ਵੀ ਲਿਖਿਆ ਗਿਆ ਹੈ ਕਿ ਅੰਸਾਰੀ ਨੂੰ ਕਈ ਬਿਮਾਰੀਆਂ ਹਨ ਅਤੇ ਰੂਪਨਗਰ ਜੇਲ੍ਹ ਤੋਂ ਉੱਤਰ ਪ੍ਰਦੇਸ਼ ਦੀ ਜੇਲ੍ਹ ’ਚ ਲਿਜਾਣ ਦਾ ਪ੍ਰਬੰਧ ਕਰਨ ਦੌਰਾਨ ਇਸ ਦਾ ਧਿਆਨ ਰੱਖਿਆ ਜਾਣਾ ਚਾਹੀਦਾ ਹੈ। ਪੰਜਾਬ ਸਰਕਾਰ ਦੇ ਗ੍ਰਹਿ ਵਿਭਾਗ ਨੇ ਸੁਪਰੀਮ ਕੋਰਟ ਵੱਲੋਂ 26 ਮਾਰਚ ਨੂੰ ਦਿੱਤੇ ਹੁਕਮ ਦਾ ਹਵਾਲਾ ਦਿੱਤਾ ਹੈ, ਜਿਸ ਵਿੱਚ ਸੂਬਾ ਸਰਕਾਰ ਨੂੰ ਨਿਰਦੇਸ਼ ਦਿੱਤਾ ਗਿਆ ਹੈ ਕਿ ਦੋ ਹਫ਼ਤਿਆਂ ’ਚ ਉੱਤਰ ਪ੍ਰਦੇਸ਼ ਦੇ ਮਊ ਹਲਕੇ ਤੋਂ ਵਿਧਾਇਕ ਮੁਖਤਾਰ ਅੰਸਾਰੀ ਨੂੰ ਉੱਤਰ ਪ੍ਰਦੇਸ਼ ਦੀ ਬਾਂਦਾ ਜੇਲ੍ਹ ’ਚ ਤਬਦੀਲ ਕੀਤਾ ਜਾਵੇ।
ਸੁਪਰੀਮ ਕੋਰਟ ਨੇ ਹੁਕਮ ਦਿੰਦਿਆਂ ਕਿਹਾ ਸੀ ਕਿ ਅੰਸਾਰੀ ਹੱਤਿਆ ਦੀ ਕੋਸ਼ਿਸ਼, ਹੱਤਿਆ, ਧੋਖਾਧੜੀ ਅਤੇ ਸਾਜ਼ਿਸ਼ਾਂ ਦੇ ਵੱਖ-ਵੱਖ ਜੁਰਮਾਂ ’ਚ ਕਥਿਤ ਤੌਰ ’ਤੇ ਸ਼ਾਮਲ ਹੈ। ਉਸ ਖ਼ਿਲਾਫ਼ ਗੈਂਗਸਟਰ ਐਕਟ ਤਹਿਤ ਉੱਤਰ ਪ੍ਰਦੇਸ਼ ’ਚ ਕਈ ਮਾਮਲੇ ਦਰਜ ਹਨ, ਜਿਨ੍ਹਾਂ ਵਿੱਚੋਂ 10 ਕੇਸਾਂ ਦੀ ਸੁਣਵਾਈ ਵੱਖ-ਵੱਖ ਪੜਾਵਾਂ ’ਤੇ ਚੱਲ ਰਹੀ ਹੈ। -ਪੀਟੀਆਈ