ਟ੍ਰਿਬਿਊਨ ਨਿਊਜ਼ ਸਰਵਿਸ
ਚੰਡੀਗੜ੍ਹ, 12 ਫਰਵਰੀ
ਸਿਹਤ ਮੰਤਰੀ ਬਲਬੀਰ ਸਿੰਘ ਸਿੱਧੂ ਨੇ ਅੱਜ ਸਾਰੇ ਸਿਵਲ ਸਰਜਨਾਂ ਨੂੰ ਕੋਵਿਡ ਸਬੰਧੀ ਸਾਰੀਆਂ ਸਾਵਧਾਨੀਆਂ ਸਖ਼ਤੀ ਨਾਲ ਲਾਗੂ ਕਰਨ ਤੇ 10 ਲੱਖ ਦੀ ਆਬਾਦੀ ਪਿੱਛੇ ਘੱਟੋ-ਘੱਟ 1000 ਕੋਵਿਡ-19 ਟੈਸਟਿੰਗ ਯਕੀਨੀ ਬਣਾਉਣ ਦੀ ਹਦਾਇਤ ਦਿੱਤੀ ਹੈ। ਸਿੱਧੂ ਨੇ ਦੱਸਿਆ ਕਿ ਕੋਵਿਡ ਮਰੀਜ਼ਾਂ ਦੇ ਸੰਪਰਕ ਵਿੱਚ ਆਏ ਲੋਕਾਂ ਦੀ ਭਾਲ ਵਿੱਚ ਤੇਜ਼ੀ ਲਿਆਉਣ ਲਈ ਨਿਰਦੇਸ਼ ਜਾਰੀ ਕੀਤੇ ਗਏ ਹਨ, ਜਿਸ ਤਹਿਤ ਹਰ ਪਾਜ਼ੇਟਿਵ ਮਰੀਜ਼ ਦੇ ਘੱਟੋ-ਘੱਟ 20 ਸੰਪਰਕਾਂ ਦਾ ਪਤਾ ਲਗਾਉਣਾ ਨਿਰਧਾਰਤ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਕਰੋਨਾ ਹਾਲੇ ਖ਼ਤਮ ਨਹੀਂ ਹੋਇਆ, ਇਸ ਵਿਚ ਹੋਰ ਵਾਧਾ ਹੋ ਸਕਦਾ ਹੈ। ਹੁਣ ਤਕ ਕਰੋਨਾ ਟੀਕਾਕਰਨ ਲਈ 2.05 ਲੱਖ ਹੈਲਥ ਕੇਅਰ ਵਰਕਰ ਅਤੇ 1.77 ਲੱਖ ਫਰੰਟ ਲਾਈਨ ਵਰਕਰ ਰਜਿਸਟਰਡ ਹੋ ਚੁੱਕੇ ਹਨ। ਲਗਪਗ 74,286 ਹੈਲਥ ਕੇਅਰ ਵਰਕਰਾਂ ਅਤੇ 23,085 ਫਰੰਟ ਲਾਈਨ ਵਰਕਰਾਂ ਦਾ ਟੀਕਾਕਰਨ ਹੋ ਚੁੱਕਾ ਹੈ।