ਟ੍ਰਿਬਿਊਨ ਨਿਊਜ਼ ਸਰਵਿਸ
ਚੰਡੀਗੜ੍ਹ, 30 ਅਗਸਤ
ਆਮ ਆਦਮੀ ਪਾਰਟੀ ਨੇ ਦੇਸ਼ ਵਿਚ ਵਧ ਰਹੀ ਮਹਿੰਗਾਈ ਲਈ ਕੇਂਦਰ ਸਰਕਾਰ ਨੂੰ ਜ਼ਿੰਮੇਵਾਰ ਠਹਿਰਾਇਆ ਹੈ, ਜੋ ਕਿ ਆਮ ਲੋਕਾਂ ਨੂੰ ਵਧਦੀ ਮਹਿੰਗਾਈ ਤੋਂ ਰਾਹਤ ਦੇਣ ਦੀ ਬਜਾਏ ਵਿਰੋਧੀਆਂ ਨੂੰ ਨਿਸ਼ਾਨਾ ਬਨਾਉਣ ਵਿੱਚ ਲੱਗੀ ਹੋਈ ਹੈ। ਇਨ੍ਹਾਂ ਗੱਲਾਂ ਦਾ ਪ੍ਰਗਟਾਵਾ ‘ਆਪ’ ਦੇ ਮੁੱਖ ਬੁਲਾਰੇ ਮਲਵਿੰਦਰ ਸਿੰਘ ਕੰਗ ਨੇ ਅੱਜ ਇੱਥੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕੀਤਾ। ਉਨ੍ਹਾਂ ਕਿਹਾ ਕਿ ਪ੍ਰਧਾਨ ਮੰਤਰੀ ਮੋਦੀ ਟੈਕਸ ਦਾਤਾਵਾਂ ਦਾ ਪੈਸਾ ਉਨ੍ਹਾਂ ਦੀ ਭਲਾਈ ’ਤੇ ਖਰਚਣ ਦੀ ਥਾਂ ਵੱਖ-ਵੱਖ ਸੂਬਿਆਂ ਵਿੱਚ ਵਿਰੋਧੀ ਸਰਕਾਰਾਂ ਡੇਗਣ ਲਈ ਵਰਤ ਰਹੇ ਹਨ।
ਸ੍ਰੀ ਕੰਗ ਨੇ ਕਿਹਾ ਕਿ ਭਾਜਪਾ ਦਾ ‘ਆਪ੍ਰੇਸ਼ਨ ਲੋਟਸ’ ਦਿੱਲੀ ’ਚ ਫੇਲ੍ਹ ਹੋ ਗਿਆ, ਜਿਥੇ ਭਾਜਪਾ ਨੇ ‘ਆਪ’ ਦੇ ਕਈ ਵਿਧਾਇਕਾਂ ਨੂੰ 20-20 ਕਰੋੜ ਰੁਪਏ ਦੀ ਪੇਸ਼ਕਸ਼ ਕੀਤੀ ਸੀ। ਇਸ ਤੋਂ ਪਹਿਲਾਂ ਭਾਜਪਾ ਨੇ ਮਹਾਰਾਸ਼ਟਰ, ਅਰੁਣਾਚਲ, ਮਨੀਪੁਰ ਅਤੇ ਗੋਆ ਵਿੱਚ ਸਰਕਾਰਾਂ ਡੇਗ ਕੇ ਆਪਣੀਆਂ ਸਰਕਾਰਾਂ ਬਣਾਈਆਂ ਅਤੇ ਹੁਣ ਉਸ ਦੀਆਂ ਨਜ਼ਰਾਂ ਝਾਰਖੰਡ ’ਤੇ ਹਨ। ਉਨ੍ਹਾਂ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੂੰ ਘੇਰਦਿਆਂ ਕਿਹਾ ਕਿ ਜੇ ਸੁਖਬੀਰ ਬਾਦਲ ਇਮਾਨਦਾਰ ਹਨ ਤਾਂ ਕੋਟਕਪੂਰਾ ਗੋਲੀਕਾਂਡ ਦੀ ਜਾਂਚ ਤੋਂ ਭੱਜ ਕਿਉਂ ਰਹੇ ਹਨ ਅਤੇ ਸਿਟ ਸਾਹਮਣੇ ਪੇਸ਼ ਨਹੀਂ ਹੋ ਰਹੇ। ਉਨ੍ਹਾਂ ਕਿਹਾ ਕਿ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੇ ਕੇਸਾਂ ਵਿੱਚ ਡੇਰਾ ਸੱਚਾ ਸੌਦਾ ਦੀ ਸ਼ਮੂਲੀਅਤ ਦਾ ਸਭ ਨੂੰ ਪਤਾ ਸੀ ਪਰ ਬਾਦਲ ਪਰਿਵਾਰ ਨੇ ਫਿਰ ਵੀ ਉਸ ਨੂੰ ਕਲੀਨ ਚਿੱਟ ਦਿੱਤੀ ਅਤੇ ਸਿੱਖ ਸੰਗਤ ਸੱਤ ਸਾਲਾਂ ਤੋਂ ਇਨਸਾਫ਼ ਦੀ ਉਡੀਕ ਕਰ ਰਹੀ ਹੈ।