ਡਾ. ਹਿਮਾਂਸ਼ੂ ਸੂਦ
ਫ਼ਤਹਿਗੜ੍ਹ ਸਾਹਿਬ, 25 ਜੂਨ
ਬਾਬਾ ਬੰਦਾ ਸਿੰਘ ਬਹਾਦਰ ਅਤੇ ਉਨ੍ਹਾਂ ਦੇ ਸਾਥੀਆਂ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਅੱਜ ਬਾਬਾ ਬੰਦਾ ਸਿੰਘ ਬਹਾਦਰ ਇੰਜਨੀਅਰਿੰਗ ਕਾਲਜ ਦੇ ਗਿਆਨੀ ਦਿੱਤ ਸਿੰਘ ਆਡੀਟੋਰੀਅਮ ਵਿੱਚ ਗੁਰਮਤਿ ਸਮਾਗਮ ਕਰਵਾਇਆ ਗਿਆ। ਇਸ ਮੌਕੇ ਸੰਬੋਧਨ ਕਰਦਿਆਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਕਿਹਾ ਕਿ ਬਾਬਾ ਬੰਦਾ ਸਿੰਘ ਬਹਾਦਰ ਦੀ ਕੁਰਬਾਨੀ, ਜੱਦੋ-ਜਹਿਦ ਅਤੇ ਸ਼ਹਾਦਤ ਸਾਨੂੰ ਸਿੱਖੀ ਸਿਦਕ ਭਰੋਸਾ ਅਤੇ ਸਵੈਮਾਨ ਦਾ ਜੀਵਨ ਜਿਊਣ ਦੀ ਪ੍ਰੇਰਣਾ ਦਿੰਦੀ ਹੈ।
ਉਨ੍ਹਾਂ ਕਿਹਾ ਕਿ ਸ਼੍ਰੋਮਣੀ ਕਮੇਟੀ ਅੱਜ ਦੀ ਪੀੜ੍ਹੀ ਨੂੰ ਸਿੱਖ ਇਤਿਹਾਸ ਨਾਲ ਜੋੜਨ ਲਈ ਢਾਡੀ ਦਰਬਾਰ ਅਤੇ ਧਾਰਮਿਕ ਨਾਟਕ ਕਰਵਾਉਣ ਦਾ ਪ੍ਰੋਗਰਾਮ ਉਲੀਕ ਰਹੀ ਹੈ। ਉਨ੍ਹਾਂ ਕਿਹਾ ਕਿ ਪੰਥ ਵਿਰੋਧੀ ਸ਼ਕਤੀਆਂ ਦੇ ਹਮਲੇ ਦਾ ਜਵਾਬ ਦੇਣ ਲਈ ਪੰਥਕ ਏਕਤਾ ਦੀ ਅੱਜ ਸਭ ਤੋਂ ਵੱਧ ਲੋੜ ਹੈ।
ਸ਼੍ਰੋਮਣੀ ਅਕਾਲੀ ਦਲ ਦੇ ਮੀਤ ਪ੍ਰਧਾਨ ਪ੍ਰੋ. ਪ੍ਰੇਮ ਸਿੰਘ ਚੰਦੂਮਾਜਰਾ ਨੇ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਦੀ ਅਗਵਾਈ ਵਿਚ ਜਿੰਨੀ ਵੀ ਜੱਦੋ-ਜਹਿਦ ਪੰਥ ਅਤੇ ਪੰਜਾਬ ਲਈ ਹੋਈ ਉਸ ਦੇ ਪਿੱਛੇ ਬਾਬਾ ਬੰਦਾ ਸਿੰਘ ਬਹਾਦਰ ਵਰਗੇ ਮਹਾਨ ਸ਼ਹੀਦ ਅਤੇ ਮਹਾਨ ਜਰਨੈਲਾ ਦੀ ਕੁਰਬਾਨੀ ਦੀ ਪ੍ਰੇਰਣਾ ਵੀ ਸ਼ਕਤੀ ਦੇ ਰੂਪ ਵਿਚ ਸਾਨੂੰ ਬਲ ਦਿੰਦੀ ਰਹੀ ਹੈ।
ਸ਼੍ਰੋਮਣੀ ਕਮੇਟੀ ਦੇ ਜਨਰਲ ਸਕੱਤਰ ਜਥੇਦਾਰ ਕਰਨੈਲ ਸਿੰਘ ਪੰਜੋਲੀ ਨੇ ਕਿਹਾ ਕਿ ਪੰਥ ਦੀ ਰਾਜਨੀਤਕ ਜਥੇਬੰਦੀ ਸ਼੍ਰੋਮਣੀ ਅਕਾਲੀ ਦਲ ਨੂੰ ਵੀ ਪਰਿਵਾਰਵਾਦ ਤੋਂ ਬਚਾ ਕੇ ਪੰਥਕ ਲੀਹ ’ਤੇ ਤੋਰਨ ਦੀ ਲੋੜ ਹੈ। ਜ਼ਿਲ੍ਹਾ ਅਕਾਲੀ ਦੇ ਪ੍ਰਧਾਨ ਜਗਦੀਪ ਸਿੰਘ ਚੀਮਾ ਨੇ ਸੰਗਤ ਦਾ ਧੰਨਵਾਦ ਕੀਤਾ।
ਚੱਪੜਚਿੜੀ ਵਿਖੇ ਧਾਰਮਿਕ ਸਮਾਗਮ
ਐੱਸਏਐੱਸ ਨਗਰ (ਮੁਹਾਲੀ) (ਪੱਤਰ ਪ੍ਰੇਰਕ): ਸ਼੍ਰੋਮਣੀ ਕਮੇਟੀ ਵੱਲੋਂ ਇੱਥੋਂ ਦੇ ਇਤਿਹਾਸਕ ਗੁਰਦੁਆਰਾ ਫਤਹਿ-ਏ-ਜੰਗ ਚੱਪੜਚਿੜੀ ਕਲਾਂ ਵਿਖੇ ਸਿੱਖ ਕੌਮ ਦੇ ਮਹਾਨ ਜਰਨੈਲ ਬਾਬਾ ਬੰਦਾ ਸਿੰਘ ਬਹਾਦਰ ਦਾ ਸ਼ਹੀਦੀ ਦਿਹਾੜਾ ਮਨਾਇਆ ਗਿਆ। ਅੱਜ ਦੇ ਦਿਨ ਬੰਦਾ ਸਿੰਘ ਬਹਾਦਰ ਅਤੇ ਉਨ੍ਹਾਂ ਦੇ ਸਪੁੱਤਰ ਨੂੰ ਤਸੀਹੇ ਦੇ ਕੇ ਸ਼ਹੀਦ ਕੀਤਾ ਗਿਆ ਸੀ। ਅੱਜ ਸਵੇਰੇ 10 ਵਜੇ ਅਖੰਡ ਪਾਠ ਦੇ ਭੋਗ ਪਾਏ ਗਏ। ਉਪਰੰਤ ਸਾਰਾ ਦਿਨ ਗੁਰਮਤਿ ਸਮਾਗਮ ਦੌਰਾਨ ਗੁਰਬਾਣੀ ਕੀਰਤਨ ਚੱਲਿਆ। ਇਸ ਮੌਕੇ ਸੰਬੋਧਨ ਕਰਦਿਆਂ ਸ਼੍ਰੋਮਣੀ ਕਮੇਟੀ ਦੀ ਮੈਂਬਰ ਪਰਮਜੀਤ ਕੌਰ ਲਾਂਡਰਾਂ ਨੇ ਕਿਹਾ ਕਿ ਬੰਦਾ ਸਿੰਘ ਬਹਾਦਰ ਨੇ ਮੁਗਲ ਫੌਜਾਂ ਦਾ ਖ਼ਾਤਮਾ ਕਰਕੇ ਅਸਲ ਵਿੱਚ ਚੱਪੜਚਿੜੀ ਦੇ ਮੈਦਾਨ ਤੋਂ ਦੇਸ਼ ਦੀ ਆਜ਼ਾਦੀ ਦੀ ਪਹਿਲੀ ਲੜਾਈ ਆਰੰਭੀ ਸੀ ਅਤੇ ਸੂਬਾ ਸਰਹਿੰਦ ਨੂੰ ਮੌਤ ਦੇ ਘਾਟ ਉਤਰਾ ਕੇ ਜਿੱਥੇ ਛੋਟੇ ਸਾਹਿਬਜ਼ਾਦਿਆਂ ਅਤੇ ਮਾਤਾ ਗੁਜਰੀ ਦੀ ਸ਼ਹਾਦਤ ਦਾ ਬਦਲਾ ਲਿਆ, ਉੱਥੇ ਸਿੱਖ ਰਾਜ ਦੀ ਸਥਾਪਨਾ ਕੀਤੀ। ਉਨ੍ਹਾਂ ਕਿਹਾ ਕਿ ਨੌਜਵਾਨਾਂ ਨੂੰ ਸਿੱਖੀ ਨਾਲ ਜੋੜਨ ਲਈ ਸਿੱਖ ਲੀਡਰਸ਼ਿਪ ਦੀ ਯੋਗ ਅਗਵਾਈ ਦੀ ਸਖ਼ਤ ਲੋੜ ਹੈ।