ਰਾਜਵਿੰਦਰ ਰੌਂਤਾ
ਨਿਹਾਲ ਸਿੰਘ ਵਾਲਾ/ਮੋਗਾ, 14 ਅਕਤਬੂਰ
ਇੱਥੋਂ ਦੀ ਜ਼ਿਲ੍ਹਾ ਅਦਾਲਤ ਵਿੱਚ ਗੈਂਗਸਟਰ ਲਾਰੈਂਸ ਬਿਸ਼ਨੋਈ ਦੀ ਪੇਸ਼ੀ ਵੇਲੇ ਸੀਆਈਏ ਸਟਾਫ਼ ਮੋਗਾ ਦੇ ਇੰਚਾਰਜ ਇੰਸਪੈਕਟਰ ਕਿੱਕਰ ਸਿੰਘ ਦੀ ਲਾਰੈਂਸ ਬਿਸ਼ਨੋਈ ਨਾਲ ਹੱਸਣ ਵਾਲੀ ਵੀਡੀਓ ਵਾਇਰਲ ਹੋਣ ਨਾਲ ਕਿੱਕਰ ਸਿੰਘ ਵਿਵਾਦਾਂ ਵਿੱਚ ਘਿਰ ਗਏ ਹਨ। ਇਸ ਸਬੰਧੀ ਜ਼ਿਲ੍ਹਾ ਪੁਲੀਸ ਮੁਖੀ ਗੁਲਨੀਤ ਸਿੰਘ ਖੁਰਾਣਾ ਨੇ ਜਾਂਚ ਦੇ ਹੁਕਮ ਦੇ ਦਿੱਤੇ ਹਨ। ਜ਼ਿਕਰਯੋਗ ਹੈ ਕਿ ਲਾਰੈਂਸ ਬਿਸ਼ਨੋਈ ਨੂੰ ਬੀਤੀ ਦਿਨੀਂ ਲੁਧਿਆਣਾ ਤੋਂ ਇੱਥੋਂ ਦੇ ਜ਼ਿਲ੍ਹਾ ਕੋਰਟ ਕੰਪਲੈਕਸ ਵਿੱਚ ਪੇਸ਼ ਕਰਨ ਲਈ ਟਰਾਂਜ਼ਿਟ ਰਿਮਾਂਡ ’ਤੇ ਲਿਆਂਦਾ ਗਿਆ ਸੀ। ਵਾਇਰਲ ਵੀਡੀਓ ਬਾਰੇ ਇੰਸਪੈਕਟਰ ਕਿੱਕਰ ਸਿੰਘ ਨੇ ਕਿਹਾ ਕਿ ਲਾਰੈਂਸ ਨੇ ਉਸ ਨੂੰ ਕਿਹਾ ਸੀ ਕਿ ਪੁਲੀਸ ਪਖਾਨੇ ਵੀ ਨਹੀਂ ਜਾਣ ਦਿੰਦੀ। ਇਹ ਕਹਿਣ ’ਤੇ ਉਸ ਦਾ ਹਾਸਾ ਨਿਕਲ ਗਿਆ। ਉਨ੍ਹਾਂ ਸਪੱਸ਼ਟ ਕੀਤਾ ਕਿ ਉਸ ਦੇ ਕੰਮ ਤੇ ਪੁੱਛ-ਪੜਤਾਲ ਦੌਰਾਨ ਸਖ਼ਤੀ ਬਾਰੇ ਹਰ ਕੋਈ ਜਾਣਦਾ ਹੈ। ਉਸ ਨੂੰ ਗੈਂਗਸਟਰਾਂ ਦੀਆਂ ਧਮਕੀਆਂ ਵੀ ਆਉਂਦੀਆਂ ਹਨ।
ਮੂਸੇਵਾਲੇ ਦੇ ਪਰਿਵਾਰ ਨੇ ਇੰਸਪੈਕਟਰ ਦੇ ਵਿਵਹਾਰ ਦਾ ਬੁਰਾ ਮਨਾਇਆ
ਮਾਨਸਾ (ਪੱਤਰ ਪ੍ਰੇਰਕ): ਸਿੱਧੂ ਮੂਸੇਵਾਲਾ ਦੇ ਪਰਿਵਾਰ ਅਤੇ ਪ੍ਰਸ਼ੰਸਕਾਂ ਨੇ ਲਾਰੈਂਸ ਬਿਸ਼ਨੋਈ ਅਤੇ ਮੋਗਾ ਪੁਲੀਸ ਦੇ ਅਪਰਾਧ ਜਾਂਚ ਏਜੰਸੀ (ਸੀਆਈਏ) ਦੇ ਇੰਚਾਰਜ ਇੰਸਪੈਕਟਰ ਕਿੱਕਰ ਸਿੰਘ ਦੇ ਹਾਸੇ ਮਜ਼ਾਕ ਦਾ ਬੁਰਾ ਮਨਾਇਆ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਜਦੋਂ ਪੁਲੀਸ ਅਧਿਕਾਰੀ ਅਜਿਹੇ ਗੈਂਗਸਟਰਾਂ ਨਾਲ ਹੱਸ-ਹੱਸ ਗੱਲਾਂ ਕਰਦੇ ਹਨ ਤਾਂ ਸੂਬੇ ਦਾ ਅਮਨ-ਕਾਨੂੰਨ ਆਪਣੇ ਆਪ ਵਿਗੜਦਾ ਹੈ। ਪਿਤਾ ਬਲਕੌਰ ਸਿੰਘ ਸਿੱਧੂ, ਮਾਤਾ ਚਰਨ ਕੌਰ ਅਤੇ ਤਾਇਆ ਚਮਕੌਰ ਸਿੰਘ ਦਾ ਕਹਿਣਾ ਹੈ ਕਿ ਪੁਲੀਸ ਦਾ ਲਾਰੈਂਸ ਬਿਸ਼ਨੋਈ ਨਾਲ ਸ਼ਰੇਆਮ ਹਾਸਾ-ਠਾਠਾ ਕਰਨਾ ਇਹ ਪਰਿਵਾਰ ਅਤੇ ਪ੍ਰਸ਼ੰਸਕਾਂ ਨੂੰ ਚੁਭਦਾ ਹੀ ਨਹੀਂ, ਸਗੋਂ ਇਸ ਨਾਲ ਦੀਪਕ ਟੀਨੂ ਵਰਗੀਆਂ ਘਟਨਾਵਾਂ ਮੁੜ ਘਟਨ ਦਾ ਖਦਸ਼ਾ ਵੀ ਖੜ੍ਹਾ ਕਰਦਾ ਹੈ।