ਖੇਤਰੀ ਪ੍ਰਤੀਨਿਧ
ਲੁਧਿਆਣਾ, 2 ਅਕਤੂਬਰ
ਪਬਲਿਕ ਐਕਸ਼ਨ ਕਮੇਟੀ ਅਤੇ ਕਿਰਤੀ ਕਿਸਾਨ ਫੋਰਮ ਵੱਲੋਂ ਅੱਜ ਮੱਤੇਵਾੜਾ ਜੰਗਲ ਅਤੇ ਬੁੱਢੇ ਨਾਲੇ ਨੂੰ ਬਚਾਉਣ ਦੇ ਯਤਨਾਂ ਵਜੋਂ ਬੁੱਢੇ ਨਾਲੇ ਦਾ ਵੱਖ-ਵੱਖ ਥਾਵਾਂ ਤੋਂ ਜਾਇਜ਼ਾ ਲਿਆ ਗਿਆ। ਇਸ ਮੌਕੇ ਫੋਰਮ ਦੇ ਕਨਵੀਨਰ ਅਤੇ ਸੀਨੀਅਰ ਸੇਵਾਮੁਕਤ ਅਧਿਕਾਰੀ ਡਾ. ਐੱਸਐੱਸ ਬੋਪਾਰਾਏ ਨੇ ਵਾਤਾਵਰਨ ਦੀ ਗੰਭੀਰ ਸਮੱਸਿਆ ਤੇ ਪੰਜਾਬ ਦੇ ਪਾਣੀਆਂ ਦੇ ਘਟਦੇ ਪੱਧਰ ’ਤੇ ਚਿੰਤਾ ਦਾ ਪ੍ਰਗਟਾਵਾ ਕੀਤਾ।
ਬੁੱਢੇ ਨਾਲੇ ਦਾ ਤਾਜਪੁਰ ਰੋਡ, ਚਾਂਦ ਸਿਨੇਮਾ, ਨੂਰਪੁਰ ਬੇਟ ਤੱਕ ਜਾਇਜ਼ਾ ਲੈਣ ਮੌਕੇ ਡਾ. ਬੋਪਾਰਾਏ ਨੇ ਕਿਹਾ ਕਿ ਬੁੱਢੇ ਨਾਲੇ ਦਾ ਸਥਾਈ ਹੱਲ ਲੱਭਣਾ ਸਰਕਾਰਾਂ ਦੀ ਜ਼ਿੰਮੇਵਾਰੀ ਬਣਦੀ ਹੈ। ਪਬਲਿਕ ਐਕਸ਼ਨ ਕਮੇਟੀ ਅਤੇ ਫੋਰਮ ਦੇ ਨੁਮਾਇੰਦਿਆਂ ਨੇ ਉਸ ਥਾਂ ਦਾ ਦੌਰਾ ਵੀ ਕੀਤਾ ਜਿੱਥੇ ਬੁੱਢਾ ਨਾਲਾ ਸਤਲੁਜ ਦਰਿਆ ਵਿਚ ਮਿਲ ਕਿ ਜ਼ਹਿਰ ਘੋਲ ਰਿਹਾ ਹੈ। ਇਸ ਦੌਰਾਨ ਰਾਮਗੜ੍ਹੀਆ ਗਰਲਜ਼ ਕਾਲਜ ਵਿੱਚ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸਾਬਕਾ ਆਈਏਐੱਸ ਅਫ਼ਸਰਾਂ ਕੁਲਬੀਰ ਸਿੰਘ ਸਿੱਧੂ, ਡਾ. ਕਰਮਜੀਤ ਸਿੰਘ, ਜੀਕੇ ਸਿੰਘ ਨੇ ਅਪੀਲ ਕੀਤੀ ਕਿ ਵਾਤਾਵਰਨ ਨੂੰ ਬਚਾਉਣ ਲਈ ਸਮੂਹ ਪੰਜਾਬੀਆਂ ਨੂੰ ਸਰਕਾਰ ਉਪਰ ਦਬਾਅ ਪਾਉਣਾ ਚਾਹੀਦਾ ਹੈ। ਪਬਲਿਕ ਐਕਸ਼ਨ ਕਮੇਟੀ ਦੇ ਕਰਨਲ ਲਖਨਪਾਲ, ਰਣਜੋਧ ਸਿੰਘ, ਮਨਿੰਦਰਜੀਤ ਸਿੰਘ ਬਾਵਾ, ਮਹਿੰਦਰ ਸਿੰਘ ਸੇਖੋਂ, ਵੀ ਪੀ ਮਿਸ਼ਰਾ ਅਤੇ ਗੁਰਪ੍ਰੀਤ ਸਿੰਘ ਨੇ ਸਰਕਾਰ ਤੋਂ ਮੰਗ ਕੀਤੀ ਕਿ ਬੁੱਢੇ ਨਾਲੇ ਨੂੰ ਪ੍ਰਦੂਸ਼ਿਤ ਹੋਣ ਤੋਂ ਰੋਕਣ ਲਈ ਇੱਕ ਉੱਚ ਪੱਧਰੀ ਕਮੇਟੀ ਬਣਾਈ ਜਾਵੇ ਜਿਸ ਵਿੱਚ ਸਰਕਾਰ ਵੱਲੋਂ ਉਚੇਚੇ ਤੌਰ ’ਤੇ ਇੱਕ ਮੰਤਰੀ ਨੂੰ ਬੁੱਢੇ ਨਾਲੇ ਦਾ ਪ੍ਰਦੂਸ਼ਣ ਘਟਾਉਣ ਦੀ ਜ਼ਿੰਮੇਵਾਰੀ ਦਿੱਤੀ ਜਾਵੇ। ਰਣਜੋਧ ਸਿੰਘ ਨੇ ਧੰਨਵਾਦੀ ਸ਼ਬਦ ਕਹੇ।