ਟ੍ਰਿਬਿਊਨ ਨਿਊਜ਼ ਸਰਵਿਸ
ਚੰਡੀਗੜ੍ਹ, 4 ਸਤੰਬਰ
ਕੈਬਨਿਟ ਮੰਤਰੀ ਗੁਰਮੀਤ ਸਿੰਘ ਮੀਤ ਹੇਅਰ ਨੇ ਦੱਸਿਆ ਕਿ ਪੰਜਾਬ ਦੇ ਪ੍ਰਿੰਟਿੰਗ ਤੇ ਸਟੇਸ਼ਨਰੀ ਵਿਭਾਗ ਨੇ ਨਿਵੇਕਲੀ ਪਹਿਲਕਦਮੀ ਕਰਦਿਆਂ ਸਰਕਾਰੀ ਫਾਈਲ ਕਵਰਜ਼ ਰਾਹੀਂ ਸਮਾਜਿਕ ਅਲਾਮਤਾਂ ਖਿਲਾਫ਼ ਜਾਗਰੂਕ ਕਰਨ ਦੀ ਮੁਹਿੰਮ ਸ਼ੁਰੂ ਕੀਤੀ ਹੈ। ਇਸ ਦੇ ਨਾਲ ਹੀ ਸਾਖ਼ਰਤਾ ਮੁਹਿੰਮ ਅਤੇ ਚੌਗਿਰਦੇ ਤੇ ਜਲ ਦੀ ਸੰਭਾਲ ਦਾ ਵੀ ਹੋਕਾ ਦਿੱਤਾ ਜਾ ਰਿਹਾ ਹੈ। ਪ੍ਰਿੰਟਿੰਗ ਤੇ ਸਟੇਸ਼ਨਰੀ ਮੰਤਰੀ ਨੇ ਨਵੇਂ ਸਰਕਾਰੀ ਫਾਈਲ ਕਵਰ ਜਾਰੀ ਕਰਦਿਆਂ ਕਿਹਾ ਕਿ ਸਰਕਾਰੀ ਫਾਈਲ ਕਵਰ ਉਪਰ ‘ਭ੍ਰਿਸ਼ਟਾਚਾਰ ਮੁਕਾਓ, ਸੁਧਾਰ ਲਿਆਓ’, ‘ਨਸ਼ਿਆਂ ਨੂੰ ਜੜ੍ਹੋਂ ਮੁਕਾਓ’, ‘ਹਰ ਮਨੁੱਖ ਲਾਵੇ ਰੁੱਖ’, ‘ਜਲ ਹੈ ਤਾਂ ਕੱਲ੍ਹ ਹੈ’ ਤੇ ‘ਪੜ੍ਹੋ ਅਤੇ ਪੜ੍ਹਾਓ’ ਸਲੋਗਨ ਲਿਖੇ ਗਏ ਹਨ, ਜਿਸ ਨਾਲ ਸਬੰਧਤ ਲੋਗੋ ਵੀ ਲਾਏ ਗਏ ਹਨ। ਇਸ ਤੋਂ ਇਲਾਵਾ ਫਾਈਲ ਉਪਰ ਲਗਾਏ ਜਾਂਦੇ ਫਲੈਪ ’ਤੇ ਵਿਭਾਗ, ਸ਼ਾਖਾ ਆਦਿ ਦੀ ਜਾਣਕਾਰੀ ਲਿਖਣ ਲਈ ਕਾਲਮ ਰੱਖੇ ਗਏ ਹਨ। ਇਸ ਤੋਂ ਪਹਿਲਾਂ ਹਰ ਵਾਰ ਕੋਈ ਵੀ ਸਰਕਾਰੀ ਫਾਈਲ ਤਿਆਰ ਕਰਦਿਆਂ ਵੱਖਰਾ ਪ੍ਰਿੰਟ ਕਢਵਾ ਕੇ ਲਾਉਣਾ ਪੈਂਦਾ ਸੀ।