ਚੰਡੀਗੜ੍ਹ: ਪੰਜਾਬ ਰਾਜ ਸੂਚਨਾ ਕਮਿਸ਼ਨ ਨੇ ਇਕ ਆਰਟੀਆਈ ਕਾਰਕੁਨ ਨੂੰ ਸੂਚਨਾ ਦੇ ਅਧਿਕਾਰ ਐਕਟ ਦੀ ਦੁਰਵਰਤੋਂ ਕਰਨ ’ਤੇ ਤਾੜਨਾ ਕੀਤੀ ਹੈ। ਆਰਟੀਆਈ ਕਾਰਕੁਨ ਨੇ ਇਸ ਐਕਟ ਅਧੀਨ ਜਨਤਕ ਅਥਾਰਿਟੀਆਂ ਅੱਗੇ ਇਕੋ ਜਿਹੀ ਸ਼ਬਦਾਵਲੀ ਦੀਆਂ ਕਈ ਆਰਟੀਆਈ ਅਰਜ਼ੀਆਂ ਦਾਇਰ ਕਰਨ ਤੇ ਉਪਰੋਕਤ ਮਾਮਲਿਆਂ ਨੂੰ ਕ੍ਰਮਵਾਰ ਪਹਿਲੀ ਅਪੀਲ ਤੇ ਦੂਜੀ ਅਪੀਲ ਲਈ ਭੇਜਿਆ ਹੈ। ਕਮਿਸ਼ਨ ਅਨੁਸਾਰ ਆਰਟੀਆਈ ਕਾਰਕੁਨ ਵੱਲੋਂ ਦਾਇਰ ਦੂਜੀ ਅਪੀਲ ਦੀਆਂ 13 ਅਰਜ਼ੀਆਂ ਦਾ ਇਕ ਪੁਲੰਦਾ ਪੰਜਾਬ ਰਾਜ ਸੂਚਨਾ ਕਮਿਸ਼ਨਰ ਮਨਿੰਦਰ ਸਿੰਘ ਭੱਟੀ ਦੇ ਬੈਂਚ ਅੱਗੇ ਸੂਚੀਬੱਧ ਕੀਤਾ ਗਿਆ ਹੈ। ਕਮਿਸ਼ਨ ਨੇ ਉਕਤ ਕੇਸਾਂ ਦਾ ਰਿਕਾਰਡ ਮੰਗਿਆ ਤੇ ਇਨ੍ਹਾਂ ਦੀ ਤੁਲਨਾ ਹੋਰਨਾਂ ਕੇਸਾਂ ਨਾਲ ਕਰ ਕੇ ਇਹ ਸਿੱਟਾ ਕੱਢਿਆ ਕਿ ਜਵਾਬਦੇਹ ਪੀਆਈਓ ਦਾ ਪੱਖ ਸਹੀ ਸੀ। ਸ੍ਰੀ ਪੱਟੀ ਨੇ ਕਿਹਾ ਕਿ ਉਕਤ ਵਰਤਾਰਾ ਨਾ ਸਿਰਫ਼ ਕਾਨੂੰਨ ਦੀ ਪ੍ਰਕਿਰਿਆ ਦੀ ਦੁਰਵਰਤੋਂ ਕਰਨ ਦੇ ਬਰਾਬਰ ਹੈ, ਸਗੋਂ ਸੂਚਨਾ ਦੇ ਅਧਿਕਾਰ ਐਕਟ ਦੀ ਵੀ ਉਲੰਘਣਾ ਹੈ। -ਟਨਸ