ਟ੍ਰਿਬਿਊਨ ਨਿਊਜ਼ ਸਰਵਿਸ
ਚੰਡੀਗੜ੍ਹ, 30 ਅਗਸਤ
ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵੱਲੋਂ ਕਿਸਾਨੀ ਹਿੱਤਾਂ ਦੇ ਮੱਦੇਨਜ਼ਰ ਆੜ੍ਹਤ ਫੀਸ ਢਾਈ ਫੀਸਦੀ ਤੋਂ ਘਟਾ ਕੇ ਇੱਕ ਫੀਸਦੀ ਕਰਨ ਬਾਰੇ ਜਲਦ ਫ਼ੈਸਲਾ ਲਿਆ ਜਾਵੇਗਾ। ਪੰਜਾਬ ਕਾਟਨ ਫੈਕਟਰੀਜ਼ ਅਤੇ ਜਿਨਰਜ਼ ਐਸੋਸੀਏਸ਼ਨ ਦੇ ਵਫ਼ਦ ਨਾਲ ਅੱਜ ਖੇਤੀ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਨੇ ਮੀਟਿੰਗ ਕੀਤੀ ਹੈੈ। ਖੇਤੀ ਮੰਤਰੀ ਨੇ ਦੱਸਿਆ ਕਿ ਕਣਕ ਅਤੇ ਝੋਨੇ ਦੇ ਅਨੁਪਾਤ ਅਨੁਸਾਰ ਕਪਾਹ ’ਤੇ ਆੜ੍ਹਤ ਨਹੀਂ ਲਈ ਜਾ ਸਕਦੀ ਕਿਉਂਕਿ ਝੋਨੇ ਅਤੇ ਕਣਕ ਦੀ ਫਸਲ ਨੂੰ ਮੰਡੀ ਵਿੱਚ ਲਾਹੁਣ, ਸਫ਼ਾਈ, ਭਰਨ, ਤੋਲਣ ਅਤੇ ਢੁਆਈ ਆਦਿ ’ਤੇ ਕਈ ਖਰਚੇ ਆਉਂਦੇ ਹਨ, ਜਦਕਿ ਕਿਸਾਨਾਂ ਅਨੁਸਾਰ ਕਪਾਹ ’ਤੇ ਅਜਿਹੇ ਖਰਚੇ ਨਾ ਮਾਤਰ ਹਨ। ਪੰਜਾਬ ਕਾਟਨ ਫੈਕਟਰੀਜ਼ ਅਤੇ ਜਿਨਰਜ਼ ਐਸੋਸੀਏਸ਼ਨ ਵਲੋਂ ਖੇਤੀਬਾੜੀ ਮੰਤਰੀ ਦੇ ਧਿਆਨ ਵਿੱਚ ਲਿਆਂਦਾ ਗਿਆ ਹੈ ਕਿ ਸੂਬੇ ਦੀਆਂ ਬਹੁਤ ਸਾਰੀਆਂ ਕਾਟਨ ਫੈਕਟਰੀਆਂ ਘਾਟੇ ਵਿੱਚ ਜਾਣ ਕਾਰਨ ਬੰਦ ਹੋਣ ਕਿਨਾਰੇ ਹਨ। ਖੇਤੀ ਮੰਤਰੀ ਨੇ ਇਸ ਸਬੰਧੀ ਮੌਕੇ ’ਤੇ ਹੀ ਪੰਜਾਬ ਰਾਜ ਬਿਜਲੀ ਰੈਗੂਲੇਟਰੀ ਅਥਾਰਟੀ ਦੇ ਚੇਅਰਮੈਨ ਨਾਲ ਗੱਲਬਾਤ ਕੀਤੀ।
ਖੇਤੀ ਮੰਤਰੀ ਕਿਸਾਨਾਂ ਨੂੰ ਗੁੰਮਰਾਹ ਨਾ ਕਰਨ: ਆੜ੍ਹਤੀ
ਆੜ੍ਹਤੀ ਐਸੋਸੀਏਸ਼ਨ ਦੇ ਪ੍ਰਧਾਨ ਰਾਵਿੰਦਰ ਸਿੰਘ ਚੀਮਾ ਨੇ ਅੱਜ ਖੇਤੀ ਮੰਤਰੀ ਵੱਲੋਂ ਲਏ ਫੈਸਲੇ ਨੂੰ ਮੰਦਭਾਗਾ ਦੱਸਦਿਆਂ ਕਿਹਾ ਕਿ ਵਿਚਾਰ ਵਟਾਂਦਰਾ ਕਰਨ ਤੋਂ ਬਿਨਾਂ ਹੀ ਸਰਕਾਰ ਨੇ ਕਪਾਹ ’ਤੇ ਆੜ੍ਹਤ ਢਾਈ ਫੀਸਦੀ ਤੋਂ ਘਟਾ ਕੇ ਇੱਕ ਫੀਸਦੀ ਕਰ ਦਿੱਤੀ ਹੈ। ਉੁਨ੍ਹਾਂ ਕਿਹਾ ਕਿ ਖੇਤੀ ਮੰਤਰੀ ਗੁੰਮਰਾਹ ਕਰਦਿਆਂ ਦੱਸ ਰਹੇ ਹਨ ਕਿ ਜੇਕਰ ਆੜ੍ਹਤ ਘੱਟਦੀ ਹੈ ਤਾਂ ਇਸ ਦਾ ਫਾਇਦਾ ਕਿਸਾਨਾਂ ਨੂੰ ਹੋਵੇਗਾ। ਉਨ੍ਹਾਂ ਕਿਹਾ ਕਿ ਆੜ੍ਹਤ ਘਟਣ ਦਾ ਫਾਇਦਾ ਖਰੀਦਦਾਰ ਨੂੰ ਹੁੰਦਾ ਹੈ ਅਤੇ ਅੱਜ ਤੱਕ ਕਿਸੇ ਖਰੀਦਦਾਰ ਨੇ ਆੜ੍ਹਤ ਵਿਚੋਂ ਇੱਕ ਕੌਡੀ ਵੀ ਰੇਟ ਵਧਾ ਕੇ ਕਿਸਾਨ ਨੂੰ ਨਹੀਂ ਦਿੱਤਾ ਹੈ ਜਿਸ ਕਰਕੇ ਕਿਸਾਨਾਂ ਨੂੰ ਗੁੰਮਰਾਹ ਨਾ ਕੀਤਾ ਜਾਵੇ।