ਟ੍ਰਿਬਿਊਨ ਨਿਊਜ਼ ਸਰਵਿਸ
ਅੰਮ੍ਰਿਤਸਰ, 20 ਅਪਰੈਲ
ਮੁੱਖ ਅੰਸ਼
- ਖਾਣ ਵਾਲੇ ਤੇਲ ਸਣੇ ਹੋਰਨਾਂ ਵਸਤਾਂ ਦੀਆਂ ਕੀਮਤਾਂ ਵਿਚ ਬੇਰੋਕ ਵਾਧਾ ਜਾਰੀ
- ਸਰਕਾਰਾਂ ਨੇ ਜਮ੍ਹਾਂਖੋਰੀ ਪ੍ਰਤੀ ਅੱਖਾਂ ਬੰਦ ਕੀਤੀਆਂ
ਰੂਸ-ਯੂਕਰੇਨ ਜੰਗ, ਪੈਟਰੋਲ ਡੀਜ਼ਲ ਦੀਆਂ ਕੀਮਤਾਂ ਵਿਚ ਵਾਧੇ ਕਾਰਨ ਮਾਲ ਭਾੜਾ ਵਧਣ ਅਤੇ ਵੱਡੇ ਵਪਾਰਕ ਘਰਾਣਿਆਂ ਦੀ ਜਮ੍ਹਾਂਖੋਰੀ ਕਾਰਨ ਰਸੋਈ ਵਿਚ ਵਰਤੇ ਜਾਣ ਵਾਲੇ ਤੇਲਾਂ ਅਤੇ ਹੋਰ ਵਸਤਾਂ ਦੀਆਂ ਕੀਮਤਾਂ ਵਿਚ ਨਿਰੰਤਰ ਵਾਧਾ ਜਾਰੀ ਹੈ। ਆਮ ਲੋਕ ਮਹਿੰਗਾਈ ਦੇ ਬੋਝ ਹੇਠਾਂ ਦਬ ਰਹੇ ਹਨ ਜਦੋਂਕਿ ਸਰਕਾਰ ਨੇ ਜਮ੍ਹਾਂਖੋਰੀ ਨੂੰ ਲੈ ਕੇ ਅੱਖਾਂ ਬੰਦ ਕੀਤੀਆਂ ਹੋਈਆਂ ਹਨ।
ਦੋ ਮੁਲਕਾਂ ਵਿਚਾਲੇ ਚੱਲ ਰਹੀ ਜੰਗ ਦੌਰਾਨ ਰੂਸ ਅਤੇ ਯੂਕਰੇਨ ਤੋਂ ਦਰਾਮਦ ਹੋਣ ਵਾਲੀਆਂ ਵਸਤਾਂ ਦੀ ਆਮਦ ਰੁਕ ਗਈ ਹੈ। ਵਿਸ਼ਵ ਮੰਡੀ ਵਿਚ ਘਾਟ ਪੈਦਾ ਹੋਣ ਕਾਰਨ ਇਨ੍ਹਾਂ ਵਸਤਾਂ ਦੀਆਂ ਕੀਮਤਾਂ ਵਿਚ ਨਿਰੰਤਰ ਵਾਧਾ ਜਾਰੀ ਹੈ। ਇਨ੍ਹਾਂ ਦੋ ਮੁਲਕਾਂ ਤੋਂ ਖਾਣ ਪੀਣ ਵਾਲੇ ਤੇਲ, ਹੋਰ ਵਸਤਾਂ, ਰਸਾਇਣ ਤੇ ਰੋਜ਼ਮਰ੍ਹਾ ਦੀਆਂ ਕਈ ਹੋਰ ਵਸਤਾਂ ਦੀ ਭਾਰਤ ਵਿਚ ਦਰਾਮਦ ਹੁੰਦੀ ਸੀ। ਦਰਾਮਦ ਰੁਕਣ ਕਾਰਨ ਭਾਰਤੀ ਬਾਜ਼ਾਰ ਬੁਰੀ ਤਰ੍ਹਾਂ ਪ੍ਰਭਾਵਿਤ ਹੋਇਆ ਹੈ। ਪੰਜਾਬ ਵਿਚ ਵੀ ਇਸ ਦਾ ਪ੍ਰਭਾਵ ਪਿਆ ਹੈ ਅਤੇ ਰਸੋਈ ਵਸਤਾਂ ਦੀਆਂ ਕੀਮਤਾਂ ਨਿਰੰਤਰ ਵਧ ਰਹੀਆਂ ਹਨ। ਕੀਮਤਾਂ ਵਿਚ ਵਾਧੇ ਕਾਰਨ ਹੇਠਲੇ ਅਤੇ ਮੱਧਵਰਗੀ ਪਰਿਵਾਰ ਮਹਿੰਗਾਈ ਦੀ ਚੱਕੀ ਵਿਚ ਪਿਸ ਰਹੇ ਹਨ। ਰਸੋਈ ’ਚ ਵਰਤੇ ਜਾਣ ਵਾਲੇ ਤੇਲ ਦੀਆਂ ਕੀਮਤਾਂ ਵਿਚ ਪਿਛਲੇ ਕੁਝ ਸਮੇਂ ਦੌਰਾਨ 60 ਤੋਂ 80 ਫੀਸਦ ਤਕ ਵਾਧਾ ਹੋਇਆ ਹੈ। ਡੀਜ਼ਲ ਤੇ ਪੈਟਰੋਲ ਦੀਆਂ ਕੀਮਤਾਂ ਵਿਚ ਵੀ ਬੇਰੋਕ ਵਾਧਾ ਜਾਰੀ ਹੈ, ਜੋ ਹੁਣ ਤਕ 20 ਤੋਂ 25 ਰੁਪਏ ਤਕ ਹੋ ਚੁੱਕਾ ਹੈ। ਰਸੋਈ ਗੈਸ ਦੇ ਸਿਲੰਡਰ ਦੀ ਕੀਮਤ ਵੀ ਲਗਾਤਾਰ ਵਧ ਰਹੀ ਹੈ। ਇਸੇ ਤਰ੍ਹਾਂ ਨਹਾਉਣ ਤੇ ਕੱਪੜੇ ਧੋਣ ਵਾਲੇ ਸਾਬਣ, ਚਾਹ ਪੱਤੀ, ਖੰਡ, ਚਾਵਲ ਦੀਆਂ ਕੀਮਤਾਂ ਵਿਚ ਵੀ ਪਿਛਲੇ ਕੁਝ ਸਮੇਂ ਵਿਚ ਵਾਧਾ ਹੋਇਆ ਹੈ। ਬਾਂਸਲ ਸਟੋਰ ਦੇ ਸੰਦੀਪ ਗੁਪਤਾ ਅਤੇ ਅੰਮ੍ਰਿਤਸਰ ਕਰਿਆਨਾ ਮਰਚੈਂਟ ਐਸੋਸੀਏਸ਼ਨ ਦੇ ਆਗੂ ਕਾਮਰੇਡ ਬੂਟਾ ਰਾਮ ਨੇ ਦੱਸਿਆ ਕਿ ਰਸੋਈ ਵਿਚ ਵਰਤੇ ਜਾਣ ਵਾਲੇ ਤੇਲ ਸਮੇਤ ਹੋਰਨਾਂ ਵਸਤਾਂ ਦੀਆਂ ਕੀਮਤਾਂ ਵਿਚ ਵਾਧਾ ਜਾਰੀ ਹੈ। ਅੱਜ ਵੀ ਥੋਕ ਕੀਮਤਾਂ ਵਿਚ 3 ਤੋਂ 4 ਰੁਪਏ ਦਾ ਵਾਧਾ ਹੋਇਆ ਹੈ। ਕੀਮਤਾਂ ਵਿਚ ਨਿਰੰਤਰ ਵਾਧੇ ਕਾਰਨ ਬਾਜ਼ਾਰ ਅਸਥਿਰ ਹੋ ਚੁੱਕਾ ਹੈ, ਜਿਸ ਨਾਲ ਛੋਟੇ ਦੁਕਾਨਦਾਰ ਖਾਸ ਕਰਕੇ ਪ੍ਰਚੂਨ ਵੇਚਣ ਵਾਲੇ ਦੁਕਾਨਦਾਰਾਂ ਦਾ ਮੰਦਾ ਹਾਲ ਹੈ। ਆਮ ਲੋਕਾਂ ’ਤੇ ਵੀ ਮਹਿੰਗਾਈ ਦਾ ਬੋਝ ਵਧ ਰਿਹਾ ਹੈ। ਸਿੱਟੇ ਵਜੋਂ ਲੋਕਾਂ ਨੇ ਖਰੀਦਦਾਰੀ ਘਟਾ ਦਿੱਤੀ ਹੈ।
ਵੱਡੇ ਥੋਕ ਵਪਾਰੀ ਹਾਲਾਤ ਦਾ ਲਾਹਾ ਲੈਣ ਲੱਗੇ
ਵਪਾਰੀ ਆਗੂਆਂ ਨੇ ਦੱਸਿਆ ਕਿ ਥੋਕ ਬਾਜ਼ਾਰ ਵਿਚ ਵੱਡੇ ਵਪਾਰੀ ਮੌਜੂਦਾ ਸਥਿਤੀ ਦਾ ਲਾਹਾ ਲੈ ਰਹੇ ਹਨ। ਵਸਤਾਂ ਦੇ ਪੈਕੇਟਾਂ ਤੋਂ ਵੱਧ ਤੋਂ ਵੱਧ ਪ੍ਰਚੂਨ ਕੀਮਤ (ਐੱਮਆਰਪੀ) ਮਿਟਾਈ ਜਾ ਰਹੀ ਹੈ। ਬਿਨਾਂ ਕੀਮਤ ਲਿਖੇ ਵਸਤਾਂ ਦੇ ਪੈਕੇਟ ਕੀਮਤਾਂ ਵਧਾ ਕੇ ਵੇਚੇ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਨਿਤ ਵਧ ਰਹੀਆਂ ਕੀਮਤਾਂ ਦਾ ਲਾਹਾ ਲੈਣ ਲਈ ਅਜਿਹਾ ਕੀਤਾ ਜਾ ਰਿਹਾ ਹੈ, ਜਿਸ ’ਤੇ ਸਰਕਾਰ ਦਾ ਕੋਈ ਕੰਟਰੋਲ ਨਹੀਂ ਹੈ। ਸਰਕਾਰ ਅੱਖਾਂ ਬੰਦ ਕਰੀ ਬੈਠੀ ਹੈ, ਜਿਸ ਦਾ ਨੁਕਸਾਨ ਦੁਕਾਨਦਾਰਾਂ ਅਤੇ ਗਾਹਕਾਂ ਨੂੰ ਹੋ ਰਿਹਾ ਹੈ। ਉਨ੍ਹਾਂ ਦੱਸਿਆ ਕਿ ਨਾ ਸਿਰਫ ਰੂਸ-ਯੂਕਰੇਨ ਜੰਗ ਕਰਕੇ ਬਲਕਿ ਕੁਝ ਵੱਡੇ ਵਪਾਰਕ ਘਰਾਣਿਆਂ ਦੀ ਜਮ੍ਹਾਂਖੋਰੀ ਅਤੇ ਵਧੇਰੇ ਲਾਭ ਲੈਣ ਦੀ ਨੀਤੀ ਕਾਰਨ ਵੀ ਮਹਿੰਗਾਈ ਵਧ ਰਹੀ ਹੈ। ਉਨ੍ਹਾਂ ਕਿਹਾ ਕਿ ਸਰਕਾਰ ਇਸ ਪਾਸੇ ਕੋਈ ਧਿਆਨ ਨਹੀਂ ਦੇ ਰਹੀ।