ਐਨ.ਪੀ.ਧਵਨ
ਪਠਾਨਕੋਟ, 13 ਜੁਲਾਈ
ਚੀਫ ਆਫ ਆਰਮੀ ਸਟਾਫ ਜਨਰਲ ਐੱਮਐੱਮ ਨਰਵਾਣੇ ਨੇ ਅੱਜ ਕਿਹਾ ਕਿ ਪਾਕਿਸਤਾਨ ਵੱਲੋਂ ਗੋਲੀਬੰਦੀ ਦੀ ਉਲੰਘਣਾ ਕਰਨ ਅਤੇ ਅਤਿਵਾਦੀਆਂ ਨੂੰ ਸਰਹੱਦ ਤੋਂ ਭਾਰਤ ’ਚ ਘੁਸਪੈਠ ਕਰਵਾਉਣ ਖ਼ਿਲਾਫ਼ ਦੇਸ਼ ਦੀ ‘ਜ਼ੀਰੋ ਟਾਲਰੈਂਸ ਪਾਲਿਸੀ’ ਲਾਗੂ ਰਹੇਗੀ। ਉਨ੍ਹਾਂ ਕਿਹਾ, ‘ਸਰਕਾਰ ਦੀਆਂ ਸਾਰੀਆਂ ਖੁਫ਼ੀਆ ਏਜੰਸੀਆਂ ਅਤੇ ਸੈਨਾਵਾਂ ਆਪਸੀ ਤਾਲਮੇਲ ਨਾਲ ਰਾਤ ਦਿਨ ਕੰਮ ਕਰ ਰਹੀਆਂ ਹਨ ਤੇ ਸਾਡੇ ਦੁਸ਼ਮਣਾਂ ਵੱਲੋਂ ਘਰੇਲੂ ਖਾਨਾਜੰਗੀ ਚਲਾਉਣ ਲਈ ਰਚੀਆਂ ਜਾ ਰਹੀਆਂ ਸਾਜ਼ਿਸ਼ਾਂ ਨੂੰ ਨਾਕਾਮ ਕਰਨ ਲਈ ਅਸੀਂ ਸਭ ਨੇ ਇੱਕ ਹੋ ਕੇ ਕੰਮ ਕਰਨਾ ਹੈ।’
ਉਹ ਅੱਜ ਰਾਈਜ਼ਿੰਗ ਸਟਾਰ ਕੋਰ ਅਧੀਨ ਪੈਂਦੇ ਖੇਤਰ ਦਾ ਦੌਰਾ ਕਰ ਰਹੇ ਸਨ। ਵੀਡੀਓ ਕਾਨਫਰੰਸਿੰਗ ਰਾਹੀਂ ਪੱਛਮੀ ਕਮਾਂਡ ਦੇ ਸਾਰੇ ਸੈਨਿਕਾਂ ਦਾ ਮਨੋਬਲ ਵਧਾਉਂਦਿਆਂ ਸ੍ਰੀ ਨਰਵਾਣੇ ਨੇ ਕਿਹਾ ਕਿ ਉਨ੍ਹਾਂ ਭਾਰਤੀ ਫ਼ੌਜ ਦੀ ਯੋਗਤਾ ’ਤੇ ਪੂਰਾ ਭਰੋਸਾ ਹੈ ਕਿ ਉਹ ਕਿਸੇ ਵੀ ਦੁਸ਼ਮਣ ਦੇਸ਼ ਵੱਲੋਂ ਪੈਦਾ ਕੀਤੀ ਕਿਸੇ ਸਥਿਤੀ ਦਾ ਮੂੰਹ ਤੋੜ ਜੁਆਬ ਦੇਣ ਦੇ ਸਮਰੱਥ ਹਨ। ਉਨ੍ਹਾਂ ਪੱਛਮੀ ਕਮਾਂਡ ਦੀ ਇਸ ਗੱਲ ਲਈ ਵੀ ਪਿੱਠ ਥਾਪੜੀ ਕਿ ਉਨ੍ਹਾਂ ਕੋਵਿਡ-19 ਵਿਰੁੱਧ ਚੰਗੀ ਜੰਗ ਲੜੀ ਅਤੇ ‘ਅਪਰੇਸ਼ਨ ਨਮਸਤੇ’ ਨੂੰ ਕਾਰਗਰ ਢੰਗ ਨਾਲ ਲਾਗੂ ਕੀਤਾ ਹੈ।
ਡਿਫੈਂਸ ਦੇ ਪੀਆਰਓ ਲੈਫਟੀਨੈਂਟ ਦੇਵੇਂਦਰ ਆਨੰਦ ਨੇ ਦੱਸਿਆ ਕਿ ਇਸ ਤੋਂ ਪਹਿਲਾਂ ਜਨਰਲ ਨਰਵਾਣੇ ਨੇ ਪਾਕਿਸਤਾਨ ਦੀ ਸਰਹੱਦ ਨਾਲ ਲੱਗਦੇ ਪਠਾਨਕੋਟ-ਜੰਮੂ ਖਿੱਤੇ ਦੇ ਮੂਹਰਲੇ ਖੇਤਰਾਂ ਦੇ ਸੁਰੱਖਿਆ ਪ੍ਰਬੰਧਾਂ ਅਤੇ ਇਨ੍ਹਾਂ ਖੇਤਰਾਂ ਵਿੱਚ ਤਾਇਨਾਤ ਫ਼ੌਜ ਦੀ ਅਪਰੇਸ਼ਨਲ ਤਿਆਰੀ ਦਾ ਨਿਰੀਖਣ ਕੀਤਾ। ਬਾਅਦ ਵਿੱਚ ਸ੍ਰੀ ਨਰਵਾਣੇ ਦਾ ਜੰਮੂ ਪੁੱਜਣ ’ਤੇ ਲੈਫਟੀਨੈਂਟ ਜਨਰਲ ਆਰਪੀ ਸਿੰਘ (ਜਨਰਲ ਆਫੀਸਰ ਕਮਾਂਡਿੰਗ ਵੈਸਟਰਨ ਕਮਾਂਡ), ਲੈਫਟੀਨੈਂਟ ਜਨਰਲ ਓਪੇਂਦਰਾ ਦਿਵੇਦੀ (ਜਨਰਲ ਆਫੀਸਰ ਕਮਾਂਡਿੰਗ ਰਾਈਜ਼ਿੰਗ ਸਟਾਰ ਕੋਰ), ਮੇਜਰ ਜਨਰਲ ਵੀਬੀ ਨਾਇਰ (ਜੀਓਸੀ-ਟਾਈਗਰ ਡਿਵੀਜ਼ਨ) ਅਤੇ ਏਅਰ ਕੋਮੋਡੋਰ ਏਐੱਸ ਪਠਾਨੀਆ (ਏਓਸੀ) ਨੇ ਉਨ੍ਹਾਂ ਦਾ ਸਵਾਗਤ ਕੀਤਾ।
ਜਨਰਲ ਨਰਵਾਣੇ ਨੂੰ ਜੀਓਸੀ ਰਾਈਜ਼ਿੰਗ ਸਟਾਰ ਕੋਰ ਦੇ ਲੈਫਟੀਨੈਂਟ ਜਨਰਲ ਓਪੇਂਦਰਾ ਦਿਵੇਦੀ ਨੇ ਅਪਰੇਸ਼ਨਲ ਤਿਆਰੀਆਂ ਬਾਰੇ ਸੁਰੱਖਿਆ ਢਾਂਚਾ ਵਧਾਉਣ ਅਤੇ ਅੰਦਰੂਨੀ ਸੁਰੱਖਿਆ ਬਾਰੇ ਜਾਣਕਾਰੀ ਦਿੱਤੀ। ਜਨਰਲ ਨਰਵਾਣੇ ਨਾਲ ਆਏ ਜੀਓਸੀ ਟਾਈਗਰ ਡਿਵੀਜ਼ਨ ਨੇ ਸਰਹੱਦੀ ਖੇਤਰ ਵਿੱਚ ਅਪਰੇਸ਼ਨਲ ਤਿਆਰੀਆਂ ਦਾ ਜਾਇਜ਼ਾ ਲਿਆ। ਉਨ੍ਹਾਂ ਖੇਤਰ ਵਿੱਚ ਕੰਮ ਕਰ ਰਹੇ ਕਮਾਂਡਰਾਂ ਅਤੇ ਸੈਨਿਕਾਂ ਦੇ ਨਾਲ ਸਰਹੱਦੀ ਖੇਤਰ ਬਾਰੇ ਗੱਲਬਾਤ ਕੀਤੀ। ਜਨਰਲ ਐੱਮ.ਐੱਮ ਨਰਵਾਣੇ ਗੁਰਜ ਡਿਵੀਜ਼ਨ ਦੇ ਸਰਹੱਦੀ ਖੇਤਰ ’ਚ ਗਏ ਅਤੇ ਉਥੇ ਉਨ੍ਹਾਂ ਨੂੰ ਮੇਜਰ ਜਨਰਲ ਵਾਈ.ਪੀ. ਖੰਡੂਰੀ (ਜੀਓਸੀ ਗੁਰਜ ਡਿਵੀਜ਼ਨ) ਨੇ ਖੇਤਰ ਸਬੰਧੀ ਵਿਸਥਾਰਤ ਜਾਣਕਾਰੀ ਦਿੱਤੀ।