ਗਗਨਦੀਪ ਅਰੋੜਾ
ਲੁਧਿਆਣਾ, 24 ਫਰਵਰੀ
ਰੂਸ ਵੱਲੋਂ ਯੂਕਰੇਨ ’ਤੇ ਹਮਲਾ ਕਰਨ ਮਗਰੋਂ ਛਿੜੀ ਜੰਗ ਦਾ ਅਸਰ ਪੰਜਾਬ ਦੀਆਂ ਸਨਅਤਾਂ ’ਤੇ ਵੀ ਵੱਡੇ ਪੱਧਰ ’ਤੇ ਵੇਖਣ ਨੂੰ ਮਿਲ ਰਿਹਾ ਹੈ। ਜਿਸ ਦਿਨ ਤੋਂ ਯੂਕਰੇਨ ਤੇ ਰੂਸ ਵਿਚਾਲੇ ਵਿਵਾਦ ਸ਼ੁਰੂ ਹੋਇਆ ਹੈ, ਉਸੇ ਦਿਨ ਤੋਂ ਇਸ ਦਾ ਸਿੱਧਾ ਅਸਰ ਪੰਜਾਬ ਦੇ ਕਾਰੋਬਾਰ ’ਤੇ ਪੈ ਰਿਹਾ ਹੈ। ਜੰਗ ਕਾਰਨ ਪੈਦਾ ਹੋਣ ਵਾਲੇ ਹਾਲਾਤ ਕਾਰਨ ਹੁਣ ਵਿਦੇਸ਼ਾਂ ਤੋਂ ਪੰਜਾਬ ਦੀਆਂ ਸਨਅਤਾਂ ਨੂੰ ਮਿਲਣ ਵਾਲੇ ਆਰਡਰਾਂ ਦੀ ਗਿਣਤੀ ਵਿੱਚ ਵੱਡੇ ਪੱਧਰ ’ਤੇ ਕਮੀ ਆਈ ਹੈ। ਜੇਕਰ ਇਹ ਯੁੱਧ ਅੱਗੇ ਵੱਧਦਾ ਹੈ ਤਾਂ ਇਸ ਦਾ ਸਿੱਧਾ ਅਸਰ ਪੰਜਾਬ ਦੇ ਕਾਰੋਬਾਰ ’ਤੇ ਪੈ ਸਕਦਾ ਹੈ। ਵਿੱਤ ਮੰਤਰਾਲੇ ਦੀ ਵੈੱਬਸਾਈਟ ’ਤੇ ਪਏ ਅੰਕੜਿਆਂ ਅਨੁਸਾਰ ਭਾਰਤ ਤੇ ਰੂਸ ਵਿਚਾਲੇ ਵਿੱਤੀ ਸਾਲ 2021-22 ਦੇ ਸ਼ੁਰੂਆਤੀ 9 ਮਹੀਨਿਆਂ (ਅਪਰੈਲ-ਦਸੰਬਰ 2021) ਵਿੱਚ 7,013,235.93 ਲੱਖ ਰੁਪਏ ਤੇ ਯੂਕਰੇਨ ਤੋਂ 1,747,197.74 ਲੱਖ ਰੁਪਏ ਦਾ ਵਪਾਰ ਹੋਇਆ ਸੀ। ਫੈੱਡਰੇਸ਼ਨ ਆਫ਼ ਇੰਡੀਅਨ ਐਕਸਪਰਟ ਦੇ ਸਾਬਕਾ ਕੌਮੀ ਪ੍ਰਧਾਨ ਤੇ ਲੁਧਿਆਣਾ ਹੈਂਡਟੂਲ ਐਸੋਸੀਏਸ਼ਨ ਦੇ ਪ੍ਰਧਾਨ ਐੱਸਸੀ ਰਲਹਨ ਅਨੁਸਾਰ ਦੋ ਦੇਸ਼ਾਂ ਵਿੱਚ ਸ਼ੁਰੂ ਹੋਏ ਇਸ ਵਿਵਾਦ ਦਾ ਸਿੱਧਾ ਅਸਰ ਵਿਸ਼ਵ ਦੀ ਆਰਥਿਕਤਾ ’ਤੇ ਪਵੇਗਾ। ਪੰਜਾਬ ਦੀ ਸਨਅਤ ਨੂੰ ਮਿਲਣ ਵਾਲੇ ਬਰਾਮਦ ਦੇ ਆਰਡਰਾਂ ਵਿੱਚ ਗਿਰਾਵਟ ਆਈ ਹੈ ਤੇ ਕੁਝ ਦੇਸ਼ਾਂ ਨੇ ਕੰਮ ਕੁਝ ਸਮੇਂ ਲਈ ਰੁਕਵਾ ਦਿੱਤਾ ਹੈ। ਅਮਰੀਕਾ ਵੱਲੋਂ ਦਸਤਖ਼ਤ ਕੀਤੇ ਜਾਣ ਮਗਰੋਂ ਕੌਮਾਂਤਰੀ ਪੱਧਰ ’ਤੇ ਡਾਲਰਾਂ ਵਿੱਚ ਹੋਣ ਵਾਲੀ ਅਦਾਇਗੀ ਵਿੱਚ ਵੀ ਰੁਕਾਵਟ ਆਵੇਗੀ। ਇੰਜਨੀਅਰਿੰਗ ਉਤਪਾਦਾਂ ਵਾਲੀਆਂ ਸਨਅਤਾਂ ਵੱਲੋਂ ਵਧੇਰੇ ਬਰਾਮਦ ਇਨ੍ਹਾਂ ਦੇਸ਼ਾਂ ਨੂੰ ਹੀ ਕੀਤੀ ਜਾਂਦੀ ਹੈ। ਇਸੇ ਤਰ੍ਹਾਂ ਫਾਰਮਾ, ਕੈਮੀਕਲ, ਆਟੋ ਪਾਰਟਸ ਤੇ ਖਾਸ ਕਰਕੇ ਸੈਮੀ-ਕੰਡਕਟਰ ਚਿੱਪ ਦੀ ਦਰਾਮਦ ਕੀਤੀ ਜਾਂਦੀ ਹੈ। ਫੈੱਡਰੇਸ਼ਨ ਆਫ਼ ਇੰਡੀਅਨ ਇੰਡਸਟਰੀ (ਸੀਆਈਆਈ) ਦੇ ਸਾਬਕਾ ਚੇਅਰਮੈਨ ਰਾਹੁਲ ਆਹੂਜਾ ਅਨੁਸਾਰ ਇਸ ਯੁੱਧ ਦਾ ਅਸਰ ਭਾਰਤ ਸਣੇ ਕਈ ਦੇਸ਼ਾਂ ’ਤੇ ਵੇਖਣ ਨੂੰ ਮਿਲੇੇਗਾ। ਪੈਰਾਮਾਊਂਟ ਇੰਪੈਕਸ ਦੇ ਐੱਮਡੀ ਰਾਕੇਸ਼ ਕਪੂਰ ਨੇ ਕਿਹਾ ਕਿ ਅਮਰੀਕਾ ਦੀਆਂ ਨਵੀਆਂ ਕੰਪਨੀਆਂ ਨੇ ਆਰਡਰ ਹਾਲੇ ਰੋਕ ਦਿੱਤੇ ਹਨ।