ਦਲਬੀਰ ਸੱਖੋਵਾਲੀਆ/ਹਰਜੀਤ ਪਰਮਾਰ
ਬਟਾਲਾ, 22 ਨਵੰਬਰ
ਦਿੱਲੀ ਦੇ ਉਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ਨੇ ਅੱਜ ਇੱਥੋਂ ਦੇ ਸਨਅਤਕਾਰਾਂ ਨਾਲ ਇੱਕ ਮੀਟਿੰਗ ਕੀਤੀ, ਜਿਸ ਵਿੱਚ ਉਨ੍ਹਾਂ ਭਰੋਸਾ ਦਿੱਤਾ ਕਿ ਪੰਜਾਬ ਵਿੱਚ ‘ਆਪ’ ਦੀ ਸਰਕਾਰ ਬਣਨ ’ਤੇ ਬਟਾਲਾ ਉਦਯੋਗ ਨੂੰ ਮੁੜ ਤੋਂ ਪੈਰਾਂ ਸਿਰ ਖੜ੍ਹਾ ਕੀਤਾ ਜਾਵੇਗਾ। ਉਨ੍ਹਾਂ ਸਨਅਤਕਾਰਾਂ ਨੂੰ ਕਿਹਾ ਕਿ ਦੋਵੇਂ ਰਵਾਇਤੀ ਪਾਰਟੀਆਂ ਤੋਂ ਸਥਾਨਕ ਸਨਅਤਕਾਰ ਬਹੁਤ ਪ੍ਰੇਸ਼ਾਨ ਹਨ ਕਿਉਂਕਿ ਦੋਵਾਂ ਨੇ ਬਟਾਲਾ ਦਾ ਉਦਯੋਗ ਤਬਾਹ ਕਰ ਦਿੱਤਾ ਹੈ। ਸ੍ਰੀ ਸਿਸੋਦੀਆ ਨੇ ਕਿਹਾ ਕਿ ਜੇਕਰ ਪੰਜਾਬ ਵਿੱਚ ‘ਆਪ’ ਦੀ ਸਰਕਾਰ ਆਉਂਦੀ ਹੈ ਤਾਂ ਉਦਯੋਗਪਤੀਆਂ ਦਾ ਖ਼ਾਸ ਧਿਆਨ ਰੱਖਿਆ ਜਾਵੇਗਾ। ਉਨ੍ਹਾਂ ਦਿੱਲੀ ਵਿੱਚ ਉਦਯੋਗਾਂ ਦੇ ਪ੍ਰਫੁੱਲਤ ਹੋਣ ਨੂੰ ਭਵਿੱਖ ਲਈ ਸ਼ੁਭ ਸੰਕੇਤ ਆਖਦਿਆਂ ਕਿਹਾ ਕਿ ਪੰਜਾਬ ਵਿੱਚ ਰਵਾਇਤੀ ਪਾਰਟੀਆਂ ਨੇ ਇੱਥੋਂ ਦੇ ਉਦਯੋਗਾਂ ਵੱਲ ਧਿਆਨ ਦੇਣ ਦੀ ਜਗ੍ਹਾ ਪਰਿਵਾਰਵਾਦ ਨੂੰ ਪ੍ਰਫੁੱਲਤ ਕੀਤਾ ਹੈ। ਇਸ ਤੋਂ ਪਹਿਲਾਂ ‘ਆਪ’ ਦੇ ਹਲਕਾ ਬਟਾਲਾ ਦੇ ਇੰਚਾਰਜ ਸ਼ੈਰੀ ਕਲਸੀ ਨੇ ਸੰਬੋਧਨ ਕਰਦਿਆਂ ਜਿੱਥੇ ਬਟਾਲਾ ਉਦਯੋਗ ਦੇ ਮਾਣਮੱਤੇ ਦਿਨਾਂ ਨੂੰ ਯਾਦ ਕੀਤਾ, ਉੱਥੇ ਹੀ ਜੁੜੇ ਸਨਅਤਕਾਰਾਂ ਨੂੰ ਭਰੋਸਾ ਦਿੱਤਾ ਕਿ ਪੰਜਾਬ ਵਿੱਚ ‘ਆਪ’ ਦੀ ਸਰਕਾਰ ਬਣਨ ’ਤੇ ਸਥਾਨਕ ਉਦਯੋਗ ਨੂੰ ਪ੍ਰਫੁੱਲਤ ਕੀਤਾ ਜਾਵੇਗਾ। ਇਸ ਮੌਕੇ ਸੇਵਾਮੁਕਤ ਆਈਜੀ ਕੁੰਵਰ ਵਿਜੈ ਪ੍ਰਤਾਪ, ਸ਼ਮਸ਼ੇਰ ਸਿੰਘ ਤੇ ਅਨਿਲ ਠਾਕੁਰ ਨੇ ਵੀ ਵਿਚਾਰ ਸਾਂਝੇ ਕੀਤੇ। ਹਲਕਾ ਇੰਚਾਰਜ ਸ਼ੈਰੀ ਕਲਸੀ ਨੇ ਮਨੀਸ਼ ਸਿਸੋਦੀਆ ਤੇ ਹੋਰਾਂ ਦਾ ਵਿਸ਼ੇਸ਼ ਤੌਰ ’ਤੇ ਸਨਮਾਨ ਕੀਤਾ। ਇਸ ਮੌਕੇ ਜ਼ਿਲ੍ਹਾ ਯੂਥ ਪ੍ਰਧਾਨ ਮਨਦੀਪ ਸਿੰਘ ਗਿੱਲ, ਐੱਸਸੀ ਵਿੰਗ ਦੇ ਜ਼ਿਲ੍ਹਾ ਪ੍ਰਧਾਨ ਐਡਵੋਕੇਟ ਦਵਿੰਦਰ ਸਿੰਘ ਮੱਟੂ, ਐੱਮਸੀ ਬਲਵਿੰਦਰ ਸਿੰਘ ਮਿੰਟਾ, ਸਰਦੂਲ ਸਿੰਘ ਅਤੇ ਰਾਜੇਸ਼ ਤੁਲੀ ਤੇ ਸੂਬਾ ਸੰਯੁਕਤ ਸਕੱਤਰ ਬਘੇਲ ਸਿੰਘ ਬਾਹੀਆ ਹਾਜ਼ਰ ਸਨ।