ਅੰਮ੍ਰਿਤਪਾਲ ਸਿੰਘ ਧਾਲੀਵਾਲ
ਰੂੜੇਕੇ ਕਲਾਂ, 22 ਜੁਲਾਈ
ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਵੱਲੋਂ ‘ਪਾਣੀ ਬਚਾਓ ਖੇਤੀ ਬਚਾਓ’ ਦੇ ਨਾਅਰੇ ਹੇਠ ਪੰਜਾਬ ’ਚ 21 ਥਾਵਾਂ ’ਤੇ ਲਾਏ ਧਰਨੇ ਅੱਜ ਵੀ ਜਾਰੀ ਰਹੇ। ਇਸੇ ਦੌਰਾਨ ਬਰਨਾਲਾ ਦੇ ਪਿੰਡ ਧੌਲਾ ਵਿੱਚ ਟ੍ਰਾਈਡੈਂਟ ਗਰੁੱਪ ਦੀ ਫੈਕਟਰੀ ਅੱਗੇ ਸ਼ੁਰੂ ਕੀਤੇ ਧਰਨੇ ਨੂੰ ਲੈ ਕੇ ਕਿਸਾਨ ਜਥੇਬੰਦੀ ਬੀਕੇਯੂ ਉਗਰਾਹਾਂ ਅਤੇ ਟ੍ਰਾਈਡੈਂਟ ਗਰੁੱਪ ਆਹਮੋ-ਸਾਹਮਣੇ ਆ ਗਏ ਹਨ। ਕਿਸਾਨ ਸੰਘਰਸ਼ ਕਾਰਨ ਟ੍ਰਾਈਡੈਂਟ ਗਰੁੱਪ ਨੇ ਫੈਕਟਰੀ ਬੰਦ ਕਰਕੇ ਮੁਲਾਜ਼ਮਾਂ ਨੂੰ 5 ਦਿਨਾਂ ਦੀ ਛੁੱਟੀ ਤੇ ਭੇਜ ਦਿੱਤਾ ਹੈ। ਲੋਕ ਜਿੱਥੇ ਟ੍ਰਾਈਡੈਂਟ ਵਿਰੁੱਧ ਉਗਰਾਹਾਂ ਗਰੁੱਪ ਵਲੋਂ ਖੋਲ੍ਹੇ ਮੋਰਚੇ ਦਾ ਸਮਰਥਨ ਕਰ ਰਹੇ ਹਨ, ਉੱਥੇ ਹੀ ਮੁਲਾਜ਼ਮਾਂ ਦੇ ਰੁਜ਼ਗਾਰ ਨੂੰ ਲੈ ਕੇ ਕਿਸਾਨ ਜਥੇਬੰਦੀ ਦਾ ਵਿਰੋਧ ਵੀ ਹੋ ਰਿਹਾ ਹੈ। ਕਿਸਾਨ ਜਥੇਬੰਦੀ ਦੇ ਸੂਬਾ ਪ੍ਰਧਾਨ ਜੋਗਿੰਦਰ ਸਿੰਘ ਉਗਰਾਹਾਂ ਨੇ ਕਿਹਾ ਕਿ ਸਰਮਾਏਦਾਰਾਂ ਦੀਆਂ ਸਨਅਤਾਂ ਵੱਲੋਂ ਲਗਾਤਾਰ ਪਾਣੀ ਨੂੰ ਪ੍ਰਦੂਸ਼ਿਤ ਕਰ ਕੇ ਧਰਤੀ ਹੇਠਾਂ ਅਤੇ ਦਰਿਆਵਾਂ ਵਿੱਚ ਸੁੱਟਿਆ ਜਾ ਰਿਹਾ ਹੈ ਜਿਨ੍ਹਾਂ ’ਤੇ ਸਰਕਾਰ ਜਾਂ ਨੈਸ਼ਨਲ ਗਰੀਨ ਟ੍ਰਿਬਿਊਨਲ ਵੱਲੋਂ ਕੋਈ ਕਾਰਵਾਈ ਨਹੀਂ ਕੀਤੀ ਜਾ ਰਹੀ। ਉਧਰ, ਲੋਕਾਂ ਨੂੰ ਸ਼ੁੱਧ ਪਾਣੀ ਦੇਣ ਦੇ ਨਾਂ ਹੇਠ ਕੰਪਨੀਆਂ ਵੱਲੋਂ ਪ੍ਰਾਜੈਕਟ ਲਾਏ ਜਾ ਰਹੇ ਹਨ, ਜਿਨ੍ਹਾਂ ਕੰਪਨੀਆਂ ਨੇ ਵੱਡੇ ਮੁਨਾਫ਼ੇ ਖੱਟਣੇ ਹਨ। ਉਨ੍ਹਾਂ ਮੰਗ ਕੀਤੀ ਕਿ ਪਾਣੀ ਨੂੰ ਪ੍ਰਦੂਸ਼ਿਤ ਅਤੇ ਜ਼ਹਿਰੀਲਾ ਕਰਨ ਵਾਲੀਆਂ ਫੈਕਟਰੀਆਂ ਖ਼ਿਲਾਫ਼ ਸਖ਼ਤ ਕਾਨੂੰਨ ਬਣਾ ਕੇ ਕਾਰਵਾਈ ਕੀਤੀ ਜਾਵੇ ਅਤੇ ਸਾਰੀਆਂ ਫ਼ਸਲਾਂ ਦਾ ਲਾਹੇਵੰਦ ਭਾਅ ਮਿੱਥ ਕੇ ਸਰਕਾਰੀ ਖ਼ਰੀਦ ਦੀ ਗਰੰਟੀ ਦਿੱਤੀ ਜਾਵੇ। ਟ੍ਰਾਈਡੈਂਟ ਗਰੁੱਪ ਵਲੋਂ ਫੈਕਟਰੀ ਨੂੰ ਬੰਦ ਕਰਕੇ ਮੁਲਾਜ਼ਮਾਂ ਨੂੰ ਛੁੱਟੀ ਕਰਨ ਦੇ ਮਾਮਲੇ ’ਤੇ ਕਿਸਾਨ ਆਗੂ ਰੂਪ ਸਿੰਘ ਛੰਨਾ ਨੇ ਕਿਹਾ, ‘‘ਸਾਡੇ ਵੱਲੋਂ ਫੈਕਟਰੀ ਅੱਗੇ ਸ਼ਾਂਤਮਈ ਧਰਨਾ ਲਾਇਆ ਗਿਆ ਹੈ। ਕਿਸੇ ਮੁਲਾਜ਼ਮ ਜਾਂ ਫੈਕਟਰੀ ਨੂੰ ਕੋਈ ਨੁਕਸਾਨ ਨਹੀਂ ਪਹੁੰਚਾਇਆ ਜਾ ਰਿਹਾ ਜਦਕਿ ਫੈਕਟਰੀ ਮਾਲਕ ਰਜਿੰਦਰ ਗੁਪਤਾ ਇਸ ਤਰੀਕੇ ਮੁਲਾਜ਼ਮਾਂ ਨੂੰ ਕਿਸਾਨਾਂ ਦੇ ਵਿਰੁੱਧ ਕਰਨਾ ਚਾਹੁੰਦੇ ਹਨ। ਹਾਲਾਂਕਿ ਫੈਕਟਰੀ ਮਾਲਕ ਵੱਲੋਂ ਸਾਡੇ ਨਾਲ ਗੱਲਬਾਤ ਕਰਨ ਲਈ ਪਹੁੰਚ ਕੀਤੀ ਜਾ ਰਹੀ ਹੈ ਪਰ ਪ੍ਰਸ਼ਾਸਨ ਅਤੇ ਸਰਕਾਰ ਨੇ ਹਾਲੇ ਸਾਡੇ ਤੱਕ ਪਹੁੰਚ ਨਹੀਂ ਕੀਤੀ।’’
ਕਿਸਾਨ ਸੰਘਰਸ਼ ਕਾਰਨ ਫੈਕਟਰੀ 25 ਤੱਕ ਬੰਦ ਕੀਤੀ: ਗੁਪਤਾ
ਟ੍ਰਾਈਡੈਂਟ ਗਰੁੱਪ ਦੇ ਐਡਮਿਨ ਹੈੱਡ ਰੁਪਿੰਦਰ ਗੁਪਤਾ ਨੇ ਕਿਹਾ ਕਿ ਕਿਸਾਨ ਜਥੇਬੰਦੀ ਦੇ ਸੰਘਰਸ਼ ਕਾਰਨ ਹੀ ਫੈਕਟਰੀ 25 ਜੁਲਾਈ ਤੱਕ ਬੰਦ ਕੀਤੀ ਗਈ ਹੈ। ਇਸੇ ਕਾਰਨ 7 ਤੋਂ 8 ਹਜ਼ਾਰ ਮੁਲਾਜ਼ਮ ਨੂੰ ਛੁੱਟੀ ਤੇ ਭੇਜ ਦਿੱਤਾ ਗਿਆ ਹੈ। ਉਨ੍ਹਾਂ ਕਿਹਾ ਕਿ ਫੈਕਟਰੀ ਪ੍ਰਦੂਸ਼ਨ ਕੰਟਰੋਲ ਬੋਰਡ ਦੇ ਨਿਯਮਾਂ ਅਨੁਸਾਰ ਚੱਲ ਰਹੀ ਹੈ, ਜਦਕਿ ਪ੍ਰਦੂਸ਼ਣ ਫ਼ੈਲਾਉਣ ਦੇ ਦੋਸ਼ ਗਲਤ ਹਨ।