ਟ੍ਰਿਬਿਊਨ ਨਿਊਜ਼ ਸਰਵਿਸ
ਚੰਡੀਗੜ੍ਹ, 14 ਜੁਲਾਈ
ਆਮ ਆਦਮੀ ਪਾਰਟੀ (ਆਪ) ਪੰਜਾਬ ਦੇ ਪ੍ਰਧਾਨ ਅਤੇ ਸੰਸਦ ਮੈਂਬਰ ਭਗਵੰਤ ਮਾਨ ਨੇ ਕਿਹਾ ਕਿ ਕੈਪਟਨ ਸਰਕਾਰ ਦੀਆਂ ਗਲਤ ਨੀਤੀਆਂ ਕਾਰਨ ਪੰਜਾਬ ਦੇ ਉਦਯੋਗਪਤੀ ਹੋਰਨਾਂ ਸੂਬਿਆਂ ਵੱਲ ਜਾ ਰਹੇ ਹਨ ਕਿਉਂਕਿ ਸੂਬਾ ਸਰਕਾਰ ਉਦਯੋਗਾਂ ਨੂੰ ਬਿਜਲੀ ਅਤੇ ਹੋਰ ਸਹੂਲਤਾਂ ਮੁਹੱਈਆ ਕਰਵਾਉਣ ਵਿੱਚ ਫੇਲ੍ਹ ਸਾਬਤ ਹੋ ਰਹੀ ਹੈ। ਉਨ੍ਹਾਂ ਕਿਹਾ ਕਿ ਪਹਿਲਾਂ ਬਾਦਲਾਂ ਦੇ ਕਾਰਜਕਾਲ ਦੌਰਾਨ ਵਿੱਚ ਵਸੂਲੇ ਜਾਂਦੇ ਵੱਖ-ਵੱਖ ਤਰ੍ਹਾਂ ਦੇ ਟੈਕਸਾਂ ਤੋਂ ਉਦਯੋਗਪਤੀ ਅਤੇ ਵਪਾਰੀ ਪ੍ਰੇਸ਼ਾਨ ਸਨ ਤੇ ਹੁਣ ਕਾਂਗਰਸ ਵੀ ਬਾਦਲਾਂ ਦੇ ਰਾਹ ’ਤੇ ਚੱਲ ਰਹੀ ਹੈ। ਭਗਵੰਤ ਮਾਨ ਨੇ ਕਿਹਾ ਕਿ ਪੰਜਾਬ ਦੇ ਸਟੀਲ ਪਾਰਟਸ, ਡਾਇੰਗ ਯੂਨਿਟ, ਯਾਰਨ, ਸਾਈਕਲ ਪਾਰਟਸ ਅਤੇ ਟੈਕਸਟਾਈਲ ਸਮੇਤ 50 ਤੋਂ ਜ਼ਿਆਦਾ ਉਦਯੋਗਾਂ ਨੂੰ ਕੈਪਟਨ ਸਰਕਾਰ 24 ਘੰਟੇ ਬਿਜਲੀ ਦੀ ਸਪਲਾਈ ਸਮੇਤ ਹੋਰ ਸਹੂਲਤਾਂ ਦੇਣ ਵਿੱਚ ਨਾਕਾਮ ਰਹੀ ਹੈ, ਇਸ ਲਈ ਉਦਯੋਗਪਤੀ ਆਪਣੇ ਕਾਰੋਬਾਰ ਲਈ ਬਦਲਵੇਂ ਪ੍ਰਬੰਧਾਂ ਅਤੇ ਥਾਵਾਂ ਦੀ ਤਲਾਸ਼ ਕਰ ਰਹੇ ਹਨ।
‘ਆਪ’ ਆਗੂ ਨੇ ਮੰਗ ਕੀਤੀ ਕਿ ਕਾਂਗਰਸ ਸਰਕਾਰ ਬਿਜਲੀ ਦੀ ਘਾਟ ਹੋਣ ਕਾਰਨ ਉਦਯੋਗਾਂ ਨੂੰ ਹੋਏ ਆਰਥਿਕ ਨੁਕਸਾਨ ਦੀ ਭਰਪਾਈ ਕਰੇ।
ਕੈਪਟਨ ਸਰਕਾਰ ਪਿਛਲੇ ਦੋ ਸਾਲਾਂ ਦਾ ਪ੍ਰਾਪਰਟੀ ਟੈਕਸ ਮੁਆਫ਼ ਕਰੇ: ਚੀਮਾ
ਚੰਡੀਗੜ੍ਹ: ਪੰਜਾਬ ਵਿਧਾਨ ਸਭਾ ਦੇ ਵਿਰੋਧੀ ਧਿਰ ਦੇ ਨੇਤਾ ਹਰਪਾਲ ਸਿੰਘ ਚੀਮਾ ਨੇ ਕਿਹਾ ਕਿ ਕਰੋਨਾਵਾਇਰਸ ਕਾਰਨ ਪੰਜਾਬ ਦੇ ਲੋਕਾਂ ਨੂੰ ਭਾਰੀ ਵਿੱਤੀ ਸੰਕਟ ਦਾ ਸਾਹਮਣਾ ਕਰਨਾ ਪਿਆ ਹੈ। ਇਸ ਲਈ ਪੰਜਾਬ ਸਰਕਾਰ ਵੱਲੋਂ ਪਿਛਲੇ ਦੋ ਸਾਲਾਂ ਦਾ ਪ੍ਰਾਪਰਟੀ ਟੈਕਸ ਮੁਆਫ਼ ਕੀਤਾ ਜਾਣਾ ਚਾਹੀਦਾ। ਸ੍ਰੀ ਚੀਮਾ ਨੇ ਆਖਿਆ ਕਿ ਮਹਾਮਾਰੀ ਦੇ ਸਮੇਂ ਕਾਂਗਰਸ ਸਰਕਾਰ ਨੇ ਸ਼ਹਿਰ ਵਾਸੀਆਂ ’ਤੇ ਭਾਰੀ ਟੈਕਸ ਲਾ ਕੇ ਮੁਸ਼ਕਲਾਂ ਵਧਾ ਦਿੱਤੀਆਂ ਹਨ। ਹੁਣ ਪ੍ਰਾਪਰਟੀ ਟੈਕਸ ਭਰਨ ਲਈ ਨੋਟਿਸ ਜਾਰੀ ਕਰ ਕੇ ਹੋਰ ਪ੍ਰੇਸ਼ਾਨ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਸਰਕਾਰਾਂ ਲੋਕਾਂ ਦੀ ਮਦਦ ਲਈ ਹੁੰਦੀਆਂ ਹਨ ਨਾ ਕਿ ਸਿਰਫ਼ ਟੈਕਸ ਇੱਕਠੇ ਕਰਨ ਲਈ।