ਦਿਲਬਾਗ ਸਿੰਘ ਗਿੱਲ
ਅਟਾਰੀ, 14 ਜੁਲਾਈ
ਕਰੋਨਾ ਮਹਾਮਾਰੀ ਕਾਰਨ ਕੀਤੀ ਤਾਲਾਬੰਦੀ ਕਾਰਨ ਚਾਰ ਮਹੀਨਿਆਂ ਤੋਂ ਬੰਦ ਪਿਆ ਅਫ਼ਗ਼ਾਨਿਸਤਾਨ-ਭਾਰਤ ਵਪਾਰ ਬੁੱਧਵਾਰ ਨੂੰ ਸ਼ੁਰੂ ਹੋਣ ਦੀ ਸੰਭਾਵਨਾ ਹੈ। ਅਫ਼ਗ਼ਾਨਿਸਤਾਨ ਅਤੇ ਪਾਕਿਸਤਾਨ ਦਰਮਿਆਨ ਦੁਵੱਲਾ ਵਪਾਰ ਬਹਾਲੀ ਲਈ 15 ਜੁਲਾਈ ਤੋਂ ਮਨਜ਼ੂਰੀ ਮਿਲ ਗਈ ਹੈ ਅਤੇ ਇਸ ਦੇ ਅਮਲ ਵਿੱਚ ਆਉਂਦਿਆਂ ਹੀ ਅਟਾਰੀ-ਵਾਹਗਾ ਸਰਹੱਦ ਰਸਤੇ ਵਪਾਰ ਸ਼ੁਰੂ ਹੋ ਜਾਵੇਗਾ। ਕਰੋਨਾ ਮਹਾਮਾਰੀ ਕਾਰਨ ਅਫਗਾਨਿਸਤਾਨ-ਭਾਰਤ ਦਰਮਿਆਨ ਵਪਾਰ ਬੰਦ ਹੋਇਆ ਸੀ। ਪੁਲਵਾਮਾ ਅਤਿਵਾਦੀ ਹਮਲੇ ਅਤੇ ਇਸ ਦੇ ਬਾਅਦ ਜੰਮੂ-ਕਸ਼ਮੀਰ ਤੋਂ ਧਾਰਾ 35-ਏ ਅਤੇ 370 ਹਟਾਉਣ ਬਾਅਦ ਪਾਕਿਸਤਾਨ ਨੇ ਭਾਰਤ ਨਾਲੋਂ ਸਾਰੇ ਸਬੰਧ ਤੋੜ ਲਏ ਸਨ ਪਰ ਇਸ ਦੇ ਬਾਵਜੂਦ ਭਾਰਤ-ਅਫਗਾਨਿਸਤਾਨ ਵਪਾਰ ਜਾਰੀ ਰਿਹਾ। ਮਾਰਚ ਮਹੀਨੇ ‘ਚ ਕਰੋਨਾ ਮਹਾਮਾਰੀ ਦੇ ਤੇਜ਼ੀ ਨਾਲ ਵੱਧਣ ਕਾਰਨ ਸੁਰੱਖਿਆ ਦੇ ਮੱਦੇਨਜ਼ਰ ਭਾਰਤ ਵੱਲੋਂ ਅਫਗਾਨਿਸਤਾਨ ਨਾਲ ਵਪਾਰ ਬੰਦ ਕਰ ਦਿੱਤਾ ਗਿਆ ਸੀ। ਅਫਗਾਨਿਸਤਾਨ ਤੋਂ 16 ਮਾਰਚ ਨੂੰ ਆਖ਼ਰੀ ਖੇਪ ਅਟਾਰੀ ਸਰਹੱਦ ਪੁੱਜੀ ਸੀ, ਜਦੋਂ ਕਿ 27-28 ਮਈ ਨੂੰ ਬਤੌਰ ਟਰਾਇਲ ਮੁਲੱਠੀ ਅਤੇ ਮਨੱਕੇ ਦੇ ਤਿੰਨ ਟਰੱਕ ਅਟਾਰੀ ਸਰਹੱਦ ਪੁੱਜੇ। ਟਰੇਡਰ ਅਤੇ ਫੈਡਰੈਸ਼ਨ ਆਫ ਕਰਿਆਨਾ ਅਤੇ ਡਰਾਈ ਫਰੂਟ ਕਮਰਸ਼ੀਅਲ ਐਸੋਸੀਏਸ਼ਨ ਦੇ ਪ੍ਰਧਾਨ ਅਨਿਲ ਮਹਿਰਾ ਨੇ ਦੱਸਿਆ ਕਿ ਭਾਰਤ ਅਫਗਾਨਿਸਤਾਨ ਤੋਂ ਮੁਨੱਕੇ, ਅੰਜੀਰ, ਅਖਰੋਟ, ਬਦਾਮ, ਖੁਮਾਨੀ, ਪਿਸਤਾ ਅਤੇ ਕਾਜ਼ੂ ਦਾ ਆਯਾਤ ਕਰਦਾ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਭਾਰਤ ਅਟਾਰੀ-ਵਾਹਗਾ ਸਰਹੱਦ ਰਸਤੇ 1500 ਕਰੋੜ ਦਾ ਔਸਤਨ ਸਾਲਾਨਾ ਵਪਾਰ ਹੁੰਦਾ ਹੈ। ਅਨਿਲ ਮਹਿਰਾ ਦਾ ਕਹਿਣਾ ਹੈ ਕਿ ਦੁਵੱਲੇ ਵਪਾਰ ਨਾਲ ਪਾਕਿਸਤਾਨ ਨੂੰ ਵੀ ਲਾਭ ਪੁੱਜੇਗਾ। ਉਨ੍ਹਾਂ ਦਾ ਕਹਿਣਾ ਹੈ ਕਿ ਪਾਕਿਸਤਾਨ ਨੂੰ ਵੀ ਆਪਣੀ ਜ਼ਿੱਦ ਛੱਡ ਕੇ ਵਪਾਰ ਖੋਲ੍ਹਣ ਲਈ ਅੱਗੇ ਆਉਣਾ ਚਾਹੀਦਾ ਹੈ।