ਟ੍ਰਿਬਿਊਨ ਨਿਊਜ਼ ਸਰਵਿਸ
ਅੰਮ੍ਰਿਤਸਰ, 21 ਅਗਸਤ
ਤਾਲਿਬਾਨ ਦੇ ਕਬਜ਼ੇ ਮਗਰੋਂ ਅਟਾਰੀ ਸਰਹੱਦ ਰਾਹੀਂ ਅਫ਼ਗਾਨਿਸਤਾਨ ਤੋਂ ਹੁੰਦਾ ਵਪਾਰ ਹਾਲ ਦੀ ਘੜੀ ਰੁਕ ਗਿਆ ਹੈ ਪਰ ਪਹਿਲਾਂ ਤੋਂ ਰਵਾਨਾ ਹੋਏ ਮਾਲ ਦੇ ਟਰੱਕ ਹੌਲੀ-ਹੌਲੀ ਭਾਰਤ ਪੁੱਜ ਰਹੇ ਹਨ। ਅਫ਼ਗਾਨਿਸਤਾਨ ਨਾਲ ਪਾਕਿਸਤਾਨ ਦੇ ਰਸਤੇ ਚੱਲ ਰਹੇ ਇਕਪਾਸੜ ਵਪਾਰ ਤਹਿਤ ਭਾਰਤੀ ਵਪਾਰੀਆਂ ਵੱਲੋਂ ਹਰ ਵਰ੍ਹੇ ਵੱਡੀ ਗਿਣਤੀ ਵਿੱਚ ਸੁੱਕਾ ਮੇਵਾ ਅਤੇ ਹੋਰ ਵਸਤਾਂ ਅਫ਼ਗਾਨਿਸਤਾਨ ਤੋਂ ਦਰਾਮਦ ਕੀਤੀਆਂ ਜਾਂਦੀਆਂ ਹਨ। ਇੱਕ ਅੰਦਾਜ਼ੇ ਮੁਤਾਬਕ ਭਾਰਤ ਵੱਲੋਂ ਹਰ ਵਰ੍ਹੇ ਲਗਪਗ ਪੰਜ ਸੌ ਮਿਲੀਅਨ ਅਮਰੀਕੀ ਡਾਲਰ ਦੀ ਦਰਾਮਦ ਅਫ਼ਗਾਨਿਸਤਾਨ ਤੋਂ ਕੀਤੀ ਜਾਂਦੀ ਹੈ, ਜਿਨ੍ਹਾਂ ਵਿੱਚ ਡਰਾਈ ਫਰੂਟ ਦੀਆਂ 40 ਤੋਂ ਵੱਧ ਕਿਸਮਾਂ, ਜੜ੍ਹੀਆਂ- ਬੂਟੀਆਂ, ਬੀਜ ਤੇ ਹੋਰ ਵਸਤਾਂ ਸ਼ਾਮਲ ਹਨ।
ਜਾਣਕਾਰੀ ਅਨੁਸਾਰ ਤਾਲਿਬਾਨ ਦੇ ਕਬਜ਼ੇ ਤੋਂ ਪਹਿਲਾਂ ਭਾਰਤ ਨੂੰ ਦਰਾਮਦ ਕੀਤੇ ਜਾਂਦੇ ਸੁੱਕੇ ਮੇਵੇ ਦਾ ਮਾਲ ਕੁਝ ਤਕਨੀਕੀ ਕਾਰਨਾਂ ਕਰ ਕੇ ਰੁਕਿਆ ਹੋਇਆ ਸੀ ਤੇ ਸਮੱਸਿਆ ਹੱਲ ਕਰਨ ਮਗਰੋਂ ਪਾਕਿਸਤਾਨ ਰੁਕੇ ਟਰੱਕ ਹੌਲੀ-ਹੌਲੀ ਭਾਰਤ ਪੁੱਜ ਰਹੇ ਹਨ। ਆਈਸੀਪੀ ਤੋਂ ਮਿਲੀ ਜਾਣਕਾਰੀ ਮੁਤਾਬਕ ਅਫ਼ਗਾਨਿਸਤਾਨ ਤੋਂ ਸੁੱਕੇ ਮੇਵੇ ਤੇ ਹੋਰ ਵਸਤਾਂ ਨਾਲ ਲੱਦੇ 7-8 ਟਰੱਕ ਰੋਜ਼ਾਨਾ ਭਾਰਤ ਪੁੱਜ ਰਹੇ ਹਨ। ਬੀਤੇ ਦਿਨ ਵੀ 9 ਟਰੱਕ ਇੱਥੇ ਪੁੱਜੇ ਹਨ।
ਦੱਸਣਯੋਗ ਹੈ ਕਿ ਪਾਕਿਸਤਾਨ ਵੱਲੋਂ ਭਾਰਤੀ ਵਸਤਾਂ ਨੂੰ ਅਫ਼ਗਾਨਿਸਤਾਨ ਭੇਜਣ ਵਾਸਤੇ ਲਾਂਘਾ ਨਾ ਦੇਣ ਕਾਰਨ ਭਾਰਤ ਵੱਲੋਂ ਅਫ਼ਗਾਨਿਸਤਾਨ ਨਾਲ ਇੱਕਪਾਸੜ ਵਪਾਰ ਹੀ ਕੀਤਾ ਜਾ ਰਿਹਾ ਹੈ ਜਦਕਿ ਪਾਕਿਸਤਾਨ ਨਾਲ ਹੁੰਦਾ ਦੁਵੱਲਾ ਵਪਾਰ ਫਰਵਰੀ 2019 ਤੋਂ ਬੰਦ ਹੈ।